
ਕਾਂਗਰਸ ਦੇ ਮੈਂਬਰਾਂ ਨੇ ਪੀਐਮ ਮੋਦੀ ਦੇ ਭਾਸ਼ਣ ਖਿਲਾਫ਼ ਰਾਜ ਸਭਾ ਤੋਂ ਵਾਕਆਊਟ ਕਰ ਦਿੱਤਾ ਅਤੇ ਧੰਨਵਾਦ ਮਤੇ 'ਤੇ ਚਰਚਾ ਦਾ ਜਵਾਬ ਅੱਧ ਵਿਚਾਲੇ ਛੱਡ ਦਿੱਤਾ।
ਨਵੀਂ ਦਿੱਲੀ: ਰਾਜ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਵਿਰੋਧੀ ਧਿਰ 'ਤੇ ਤਿੱਖੇ ਹਮਲੇ ਬੋਲੇ। ਕਾਂਗਰਸ ਦੇ ਮੈਂਬਰਾਂ ਨੇ ਉਹਨਾਂ ਦੇ ਭਾਸ਼ਣ ਖਿਲਾਫ਼ ਰਾਜ ਸਭਾ ਤੋਂ ਵਾਕਆਊਟ ਕਰ ਦਿੱਤਾ ਅਤੇ ਧੰਨਵਾਦ ਮਤੇ 'ਤੇ ਚਰਚਾ ਦਾ ਜਵਾਬ ਅੱਧ ਵਿਚਾਲੇ ਛੱਡ ਦਿੱਤਾ।
ਰਾਜ ਸਭਾ 'ਚੋਂ ਵਾਕਆਊਟ ਕਰਨ ਤੋਂ ਬਾਅਦ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਅਰਜੁਨ ਖੜਗੇ ਨੇ ਕਿਹਾ, 'ਅਸੀਂ ਧੰਨਵਾਦ ਦੇ ਮਤੇ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ 'ਚੋਂ ਵਾਕਆਊਟ ਕੀਤਾ ਕਿਉਂਕਿ ਰਾਸ਼ਟਰਪਤੀ ਦੇ ਭਾਸ਼ਣ 'ਤੇ ਬੋਲਣ ਦੀ ਬਜਾਏ ਉਹ ਕਾਂਗਰਸ 'ਤੇ ਦੋਸ਼ ਲਗਾ ਰਹੇ ਹਨ’।
ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਦੇਸ਼ ਵਿਚ ਐਮਰਜੈਂਸੀ ਲਾਉਣ ਵਾਲੇ ਲੋਕਤੰਤਰ ਦੀ ਚਰਚਾ ਕਰ ਰਹੇ ਹਨ। ਐਮਰਜੈਂਸੀ ਵਿਚ ਲੋਕਤੰਤਰ ਦਾ ਗਲਾ ਘੁੱਟਿਆ ਗਿਆ। ਪੀਐਮ ਨੇ ਕਿਹਾ, ''ਜੇਕਰ ਕਾਂਗਰਸ ਨਾ ਹੁੰਦੀ ਤਾਂ ਲੋਕਤੰਤਰ ਪਰਿਵਾਰਵਾਦ ਤੋਂ ਮੁਕਤ ਹੁੰਦਾ। ਕਾਂਗਰਸ ਨਾ ਹੁੰਦੀ ਤਾਂ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣੀਆਂ ਸਨ, ਸਿੱਖਾਂ ਦਾ ਕਤਲੇਆਮ ਨਹੀਂ ਹੋਣਾ ਸੀ। ਕਾਂਗਰਸ ਨਾ ਹੁੰਦੀ ਤਾਂ ਜਾਤੀਵਾਦ ਵੀ ਨਹੀਂ ਹੋਣਾ ਸੀ। ਜੇਕਰ ਕਾਂਗਰਸ ਨਾ ਹੁੰਦੀ ਤਾਂ ਪੰਡਤ ਅੱਜ ਕਸ਼ਮੀਰ ਵਿਚ ਹੁੰਦੇ। ਜੇਕਰ ਇਹ ਪਾਰਟੀ ਨਾ ਹੁੰਦੀ ਤਾਂ ਦੇਸ਼ 'ਤੇ ਐਮਰਜੈਂਸੀ ਦਾ ਦਾਗ ਨਾ ਲੱਗਦਾ।''