
ਬੈਂਕ ਦੀ ਹਾਲਤ ਲਈ ਪਿਛਲੀ ਯੂਪੀਏ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
ਪਟਨਾ : ਯੈੱਸ ਬੈਂਕ ਦੀ ਖਸਤਾਹਾਲ ਸਥਿਤੀ ਨੇ ਜਿੱਥੇ ਬੈਂਕ ਦੇ ਖਾਤਾਧਾਰਕਾਂ ਅੰਦਰ ਤਰਥੱਲੀ ਮਚਾਈ ਹੋਈ ਹੈ ਉਥੇ ਹੀ ਬੈਂਕ ਦੀ ਇਸ ਹਾਲਤ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਆਗੂਆਂ ਵਿਚਾਲੇ ਤੋਹਮਤਬਾਜ਼ੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਕਾਂਗਰਸੀ ਆਗੂਆਂ ਵਲੋਂ ਬੈਂਕ ਦੀ ਨਿਘਰਦੀ ਜਾ ਰਹੀ ਹਾਲਤ ਬਾਰੇ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਦਸਦਿਆਂ ਹਮਲੇ ਬੋਲੇ ਜਾ ਰਹੇ ਹਨ।
Photo
ਇਸੇ ਦੌਰਾਨ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੇ ਵੀ ਕਾਂਗਰਸ 'ਤੇ ਪਲਟਵਾਰ ਕਰਦਿਆਂ ਬੈਂਕ ਦੀ ਮੌਜੂਦਾ ਹਾਲਤ ਲਈ ਪਿਛਲੀ ਯੂਪੀਏ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੰਤਰੀ ਮੁਤਾਬਕ ਜਿਹੜੇ ਕਰਜ਼ਿਆਂ ਕਾਰਨ ਬੈਂਕ ਦੀ ਇਹ ਹਾਲਤ ਹੋਈ ਹੈ, ਉਹ ਸਾਰੇ ਪਿਛਲੇ ਯੂਪੀਏ ਸਰਕਾਰ ਵੇਲੇ ਜਾਰੀ ਕੀਤੇ ਗਏ ਸਨ। ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਬੈਂਕ 'ਚ ਪੈਸਾ ਜਮ੍ਹਾ ਕਰਵਾਉਣ ਵਾਲੇ ਗ੍ਰਾਹਕਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਣ ਦੇਵੇਗੀ।
Photo
ਕੇਂਦਰੀ ਮੰਤਰੀ ਨੇ ਕਿਹਾ ਕਿ ਯੈੱਸ ਬੈਂਕ ਮਾਮਲੇ ਵਿਚ ਸਰਕਾਰ ਸਖ਼ਤ ਕਾਰਵਾਈ ਕਰ ਰਹੀ ਹੈ। ਸਟੇਟ ਬੈਂਕ ਆਫ਼ ਇੰਡੀਆ ਵਲੋਂ ਇਸ ਸਬੰਧੀ ਢੁਕਵੇਂ ਕਦਮ ਚੁਕੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਵਿੱਤ ਮੰਤਰੀ ਸੀਤਾਰਮਨ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇ ਚੁੱਕੇ ਹਨ ਕਿ ਜਿਸ ਕਰਜ਼ੇ ਦੇ ਕਾਰਨ ਬੈਂਕ ਦਾ ਸਥਿਤੀ ਡਾਵਾਡੋਲ ਹੋਈ ਹੈ, ਉਹ ਕਰਜ਼ਾ ਉਸ ਸਮੇਂ ਦਿਤਾ ਗਿਆ ਸੀ, ਜਿਸ ਸਮੇਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਵਿੱਤ ਮੰਤਰੀ ਪੀ ਚਿਦੰਬਰਮ ਸਨ।
Photo
ਪਿਛਲੀ ਯੂਪੀਏ ਸਰਕਾਰ 'ਤੇ ਤੰਜ਼ ਕਸਦਿਆਂ ਮੰਤਰੀ ਨੇ ਕਿਹਾ ਕਿ ਉਸ ਸਮੇਂ ਫ਼ੋਨ ਬੈਂਕਿੰਗ ਹੁੰਦੀ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਲੋਨ ਦੇ ਦਿਓ...ਉਸ ਨੂੰ ਲੋਨ ਦੇ ਦਿਓ ਅਤੇ ਇਸ ਤੋਂ ਕੱਟ ਲੈ ਲਓ ਦਾ ਸਿਸਟਮ ਚੱਲਦਾ ਸੀ। ਉਨ੍ਹਾਂ ਕਿਹਾ ਕਿ ਯੂਪੀਏ ਸਮੇਂ ਸਿਸਟਮ ਵਿਚ ਪਏ ਵਿਗਾੜਾਂ ਦੀ ਮਾਰ ਸੰਸਥਾਵਾਂ ਅੱਜ ਤਕ ਝੱਲ ਰਹੀਆਂ ਹਨ। ਉਨ੍ਹਾਂ ਮੁੜ ਦੁਹਰਾਇਆ ਕਿ ਸਾਡੀ ਸਰਕਾਰ ਇਸ ਮਾਮਲੇ 'ਚ ਕਰਵਾਈ ਕਰ ਰਹੀ ਹੈ ਅਤੇ ਕਿਸੇ ਵੀ ਖਾਤਾਧਾਰਕ ਦਾ ਕੋਈ ਵੀ ਨੁਕਸਾਨ ਨਹੀਂ ਹੋਣ ਦਿਤਾ ਜਾਵੇਗਾ।
Photo
ਕੇਂਦਰੀ ਮੰਤਰੀ ਐਤਵਾਰ ਨੂੰ ਪਟਨਾ ਵਿਖੇ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ ਹੋਏ ਸਨ ਜਿੱਥੇ ਉਨ੍ਹਾਂ ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਆਈਟੀ ਖੇਤਰ 'ਚ ਸਰਗਰਮ ਸਮਾਜ ਸੇਵਕਾ ਅਤੇ ਮਹਿਲਾ ਉਦਮੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਟਵਿੱਟਰ ਅਕਾਊਂਟ ਨਾਲ ਜੁੜਣ ਲਈ ਪ੍ਰੇਰਿਤ ਵੀ ਕੀਤਾ।