
ਜਾਣੋ ਅਜਿਹਾ ਹੋਣ ਪਿੱਛੇ ਕੀ ਕਾਰਨ ਰਹੇ ਹਨ
ਨਵੀਂ ਦਿੱਲੀ: ਪਾਰਟੀ ਦੇ ਦਿੱਗਜ ਨੇਤਾ ਪ੍ਰਣਾਬ ਮੁਖਰਜੀ, ਲਾਲ ਕ੍ਰਿਸ਼ਨ ਅਡਵਾਨੀ, ਸ਼ਰਦ ਪਵਾਰ ਜਿਹੇ ਤਮਾਮ ਸਿਆਸੀ ਆਗੂ ਕਿਸੇ ਨਾ ਕਿਸੇ ਵਜ੍ਹਾ ਨਾਲ ਪ੍ਰਧਾਨ ਮੰਤਰੀ ਬਣਨ ਤੋਂ ਰਹਿ ਗਏ। ਇਸ ਦੀ ਟੀਸ ਹਰ ਚੋਣਾਂ ਵਿਚ ਸਭ ਨੂੰ ਚੁੱਭਦੀ ਰਹਿੰਦੀ ਹੈ। ਅਜਿਹਾ ਤਿੰਨ ਵਾਰ ਹੋਇਆ ਜਦੋਂ ਕਾਂਗਰਸ ਪਾਰਟੀ ਪ੍ਰਤੀ ਨਿਸ਼ਠਾਵਾਨ ਹੋਣ ਦੇ ਬਾਵਜੂਦ ਪ੍ਰਣਾਬ ਮੁਖਰਜੀ ਪ੍ਰਧਾਨ ਮੰਤਰੀ ਬਣਦੇ-ਬਣਦੇ ਰਹਿ ਗਏ। ਸਾਲ 1984 ਵਿਚ ਇੰਦਰਾ ਗਾਂਧੀ ਦੀ ਹੱਤਿਆ ਸਮੇਂ ਰਾਜੀਵ ਗਾਂਧੀ ਪੱਛਮੀ ਬੰਗਾਲ ਵਿਚ ਸਨ, ਪ੍ਰਣਾਬ ਮੁਖਰਜੀ ਵੀ ਉਨ੍ਹਾਂ ਨਾਲ ਸਨ।
ਹੱਤਿਆ ਦੀ ਖ਼ਬਰ ਮਿਲਣ 'ਤੇ ਦੋਵੇਂ ਦਿੱਲੀ ਰਵਾਨਾ ਹੋਏ। ਜਹਾਜ਼ 'ਚ ਰਾਜੀਵ ਗਾਂਧੀ ਨੇ ਪ੍ਰਣਾਬ ਮੁਖਰਜੀ ਨੂੰ ਪੁੱਛਿਆ ਕਿ ਨਹਿਰੂ ਜੀ ਦੇ ਦੇਹਾਂਤ ਮਗਰੋਂ ਕੀ ਹੋਇਆ ਸੀ, ਪ੍ਰਣਾਬ ਮੁਖਰਜੀ ਨੇ ਕਿਹਾ ਗੁਲਜ਼ਾਰੀ ਲਾਲ ਨੰਦਾ ਨੂੰ ਕਾਰਜਵਾਹਕ ਪ੍ਰਧਾਨ ਮੰਤਰੀ ਬਣਾਇਆ ਗਿਆ, ਕਿਉਂਕਿ ਉਹ ਸਭ ਤੋਂ ਸੀਨੀਅਰ ਸਨ। ਫਿਰ ਰਾਜੀਵ ਨੇ ਪੁੱਛਿਆ ਕਿ ਸ਼ਾਸਤਰੀ ਦੇ ਦੇਹਾਂਤ ਮਗਰੋਂ ਕੀ ਹੋਇਆ ਸੀ, ਇਸ ਦੇ ਜਵਾਬ ਵਿਚ ਪ੍ਰਣਾਬ ਨੇ ਕਿਹਾ ਕਿ ਉਦੋਂ ਫਿਰ ਗੁਲਜ਼ਾਰੀ ਲਾਲ ਨੂੰ ਸੀਨੀਆਰਤਾ ਦੇ ਆਧਾਰ 'ਤੇ ਜ਼ਿੰਮੇਵਾਰੀ ਦਿੱਤੀ ਗਈ ਸੀ।
Pranab Mukherjee
ਪਰ ਦਿੱਲੀ ਪਹੁੰਚਣ 'ਤੇ ਰਾਜੀਵ ਦੀ ਮੰਡਲੀ ਦੇ ਆਗੂ ਪ੍ਰਣਾਬ ਦੀ ਗੱਲ ਦਾ ਇਹ ਕਹਿ ਕੇ ਖੰਡਨ ਕਰਦੇ ਰਹੇ ਕਿ ਸੀਨੀਆਰਤਾ ਦਾ ਹਵਾਲਾ ਦੇ ਕੇ ਉਹ ਖ਼ੁਦ ਪ੍ਰਧਾਨ ਮੰਤਰੀ ਬਣ ਜਾਣਾ ਚਾਹੁੰਦੇ ਹਨ। ਰਾਜੀਵ ਨੂੰ ਸਿਆਸਤ ਵਿਚ ਆਏ ਉਦੋਂ ਦੋ-ਢਾਈ ਸਾਲ ਹੋਏ ਸਨ, ਉਨ੍ਹਾਂ ਨੂੰ ਇਹ ਗੱਲ ਕੁਝ ਇਸ ਤਰ੍ਹਾਂ ਸਮਝਾਈ ਗਈ ਕਿ ਪ੍ਰਣਾਬ ਰਾਜੀਵ ਨੂੰ ਹਟਾ ਕੇ ਖ਼ੁਦ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ। ਨਤੀਜਾ ਇਹ ਹੋਇਆ ਕਿ ਪ੍ਰਣਾਬ ਮੁਖਰਜੀ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਰਾਜੀਵ ਗਾਂਧੀ ਤੇ ਉਨ੍ਹਾਂ ਦੀ ਮੰਡਲੀ ਤੋਂ ਨਾਰਾਜ਼ ਪ੍ਰਣਾਬ ਮੁਖਰਜੀ ਚਾਰ ਸਾਲ ਤਕ ਕਾਂਗਰਸ ਤੋਂ ਬਾਹਰ ਰਹੇ, ਉਨ੍ਹਾਂ ਨੇ ਵੱਖਰੀ ਪਾਰਟੀ ਬਣਾ ਲਈ।
ਫਿਰ ਸੁਲਾਹ ਹੋਈ ਤੇ ਕਾਂਗਰਸ ਵਿਚ ਉਨ੍ਹਾਂ ਦੀ ਵਾਪਸੀ ਵੀ ਹੋਈ। ਸਾਲ 2004 ਦੀਆਂ ਚੋਣਾਂ ਵਿਚ ਕਾਂਗਰਸ ਦੀ ਜਿੱਤ ਹੋਈ ਪਰ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਨਾਂਹ ਕਰ ਦਿੱਤੀ। ਉਦੋਂ ਸੋਨੀਆ ਨੇ ਪ੍ਰਣਾਬ ਨੂੰ ਨਜ਼ਰਅੰਦਾਜ਼ ਕਰ ਕੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ। ਸਾਲ 2011-12 ਵਿਚ ਪ੍ਰਣਾਬ ਕਾਂਗਰਸ 'ਚ ਕਈ ਜ਼ਿੰਮੇਵਾਰੀਆਂ ਸੰਭਾਲ ਰਹੇ ਸਨ। ਉਦੋਂ ਸੋਨੀਆ ਤੇ ਪ੍ਰਣਾਬ ਦੀ ਮੀਟਿੰਗ ਹੋਈ, ਪ੍ਰਣਾਬ ਨੂੰ ਲੱਗਾ ਕਿ ਹੁਣ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ, ਪਰ ਸੋਨੀਆ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਬਣਨ ਦੀ ਪੇਸ਼ਕਸ਼ ਕੀਤੀ। ਰਾਸ਼ਟਰਪਤੀ ਬਣਨ ਨਾਲ ਹੀ ਉਨ੍ਹਾਂ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਹਮੇਸ਼ਾ ਲਈ ਟੁੱਟ ਗਿਆ।
Sharad Pawar
90 ਦੇ ਦਹਾਕੇ ਵਿਚ ਜਦੋਂ ਰਾਮ ਜਨਮਭੂਮੀ ਦਾ ਅੰਦੋਲਨ ਸ਼ੁਰੂ ਹੋਇਆ। ਵੀਪੀ ਸਿੰਘ ਦੀ ਸਰਕਾਰ ਆਈ ਤੇ ਫਿਰ ਰੱਥ ਯਾਤਰਾ ਕੱਢੀ, ਉਸ ਯਾਤਰਾ ਤੋਂ ਬਾਅਦ ਲਾਲ ਕ੍ਰਿਸ਼ਨ ਅਡਵਾਨੀ ਦਾ ਜੋ ਅਕਸ ਉੱਭਰਿਆ, ਉਹ ਰਾਸ਼ਟਰ ਪੱਧਰੀ ਸੀ। ਉਸ ਸਮੇਂ ਭਾਜਪਾ ਦੇ ਸਭ ਤੋਂ ਵੱਡੇ ਆਗੂ ਅਟਲ ਬਿਹਾਰੀ ਵਾਜਪਾਈ ਸਨ ਤੇ ਅਡਵਾਨੀ ਦਾ ਇਹ ਅਕਸ ਅਟਲ ਤੋਂ ਕਿਤੇ ਘੱਟ ਨਹੀਂ ਸੀ। ਪਰ ਭਾਜਪਾ ਦੇ ਗੋਆ ਇਜਲਾਸ ਵਿਚ ਅਡਵਾਨੀ ਨੇ ਵਾਜਪਾਈ ਨੂੰ ਅਗਲਾ ਪ੍ਰਧਾਨ ਮੰਤਰੀ ਦਾਅਵੇਦਾਰ ਐਲਾਨ ਕਰ ਦਿੱਤਾ। ਅਡਵਾਨੀ ਉਸ ਸਮੇਂ ਸਿਖ਼ਰਲੇ ਆਗੂ ਸਨ। ਉਹ ਚਾਹੁੰਦੇ ਤਾਂ ਪ੍ਰਧਾਨ ਮੰਤਰੀ ਬਣ ਸਕਦੇ ਸਨ, ਕਿਉਂਕਿ ਉਦੋਂ ਸੰਘ ਤੇ ਭਾਜਪਾ ਦੋਵਾਂ ਵਿਚ ਉਨ੍ਹਾਂ ਦੀ ਸਵੀਕਾਰਤਾ ਸੀ।
ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਚੰਦਰ ਗੋਵਿੰਦਰਾਵ ਪਵਾਰ ਚਾਰ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ, ਸੱਤ ਵਾਰ ਲੋਕ ਸਭਾ ਚੋਣ ਜਿੱਤੇ ਤੇ ਕਾਂਗਰਸ ਵਿਚ ਆਉਂਦੇ ਜਾਂਦੇ ਰਹੇ। ਦੇਵਗੌੜਾ ਸਰਕਾਰ ਡਿੱਗਣ ਮਗਰੋਂ ਸ਼ਰਦ ਪਵਾਰ 1998 ਵਿਚ ਪ੍ਰਧਾਨ ਮੰਤਰੀ ਬਣ ਸਕਦੇ ਸਨ। ਸੋਨੀਆ ਗਾਂਧੀ ਕਾਂਗਰਸ ਦੀ ਜਦੋਂ ਪ੍ਰਧਾਨ ਬਣੀ ਤਾਂ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੀ। ਪਰ ਸ਼ਰਦ ਪਵਾਰ ਦੀ ਰਾਜਨੀਤੀ ਤੋਂ ਸਾਜ਼ਿਸ਼ ਦੀ ਬਦਬੂ ਕਦੀ ਨਹੀਂ ਗਈ। ਇਸ ਵਜ੍ਹਾ ਨਾਲ ਕਾਂਗਰਸ ਦੇ ਬਾਕੀ ਨੇਤਾ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਤਿਆਰ ਨਹੀਂ ਸਨ।
Joyti Basu
1999 ਵਿਚ ਸ਼ਰਦ ਪਵਾਰ ਸੋਨੀਆ ਗਾਂਧੀ ਵਿਦੇਸ਼ੀ ਹਨ-ਅਜਿਹਾ ਕਹਿ ਕੇ ਪਾਰਟੀ ਛੱਡ ਦਿੰਦੇ ਹਨ ਤੇ ਨਵੀਂ ਪਾਰਟੀ ਬਣਾ ਲੈਂਦੇ ਹਨ। ਉਨ੍ਹਾਂ ਜਦੋਂ ਕਾਂਗਰਸ ਪਾਰਟੀ ਛੱਡੀ ਤਾਂ ਉਨ੍ਹਾਂ ਨਾਲ ਸਿਰਫ਼ ਦੋ ਨੇਤਾ ਬਾਹਰ ਗਏ। 2004 'ਚ ਸ਼ਾਈਨਿੰਗ ਇੰਡੀਆ ਦੇ ਮਾਹੌਲ ਵਿਚ ਕਾਂਗਰਸ ਦਾ ਜਿੱਤਣਾ ਸੋਨੀਆਂ ਲਈ ਪ੍ਰਾਪਤੀ ਮੰਨੀ ਗਈ। ਜਦੋਂ ਸਰਕਾਰ ਬਣਾਉਣ ਦੀ ਗੱਲ ਆਈ ਤਾਂ ਸੋਨੀਆਂ ਪ੍ਰਧਾਨ ਮੰਤਰੀ ਅਹੁਦੇ ਦੀ ਸੁਭਾਵਿਕ ਦਾਅਵੇਦਾਰ ਸਨ। ਪਰ ਭਾਜਪਾ ਤੇ ਹੋਰਨਾਂ ਪਾਰਟੀਆਂ ਵੱਲੋਂ ਵਿਦੇਸ਼ੀ ਮੂਲ ਦਾ ਮੁੱਦਾ ਚੁੱਕੇ ਜਾਣ ਤੋਂ ਬਾਅਦ ਸੋਨੀਆਂ ਗਾਂਧੀ ਨੇ ਅੰਤਰ ਆਤਮਾ ਦਾ ਹਵਾਲਾ ਦੇ ਕੇ ਪ੍ਰਧਾਨ ਮੰਤਰੀ ਅਹੁਦਾ ਸਵੀਕਾਰ ਕਰਨ ਤੋਂ ਨਿਮਰਤਾ ਨਾਲ ਮਨ੍ਹਾਂ ਕਰ ਦਿੱਤਾ।
ਪੱਛਮੀ ਬੰਗਾਲ ਦੇ 23 ਸਾਲ ਤਕ ਮੁੱਖ ਮੰਤਰੀ ਜੋਤੀ ਬਸੂ ਵੀ ਪ੍ਰਧਾਨ ਮੰਤਰੀ ਬਣਨ ਤੋਂ ਰਹਿ ਗਏ। ਉਹ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਨਹੀਂ ਸਨ, ਪਰ ਉਨ੍ਹਾਂ ਸਾਹਮਣੇ ਇਹ ਪੇਸ਼ਕਸ਼ ਜ਼ਰੂਰ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ। 1996 'ਚ ਕਾਂਗਰਸ ਦੀ ਹਮਾਇਤ 'ਚ ਉਨ੍ਹਾਂ ਦੀ ਸਰਕਾਰ ਬਣ ਸਕਦੀ ਸੀ। ਗਠਜੋੜ 'ਚ ਸ਼ਾਮਲ ਕਿਸੇ ਦਲ ਨੂੰ ਉਨ੍ਹਾਂ ਦੇ ਨਾਂ 'ਤੇ ਇਤਰਾਜ਼ ਨਹੀਂ ਸੀ। ਪਰ ਸੀਪੀਆਈਐੱਮ ਦੀ ਕੇਂਦਰ ਕਮੇਟੀ ਦੀ ਬੈਠਕ ਵਿਚ ਫ਼ੈਸਲਾ ਹੋਇਆ ਕਿ ਪਾਰਟੀ ਨੂੰ ਸਰਕਾਰ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ। ਹਾਲਾਂਕਿ ਪਾਰਟੀ ਜਨਰਲ ਸਕੱਤਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੋਤੀ ਬਸੂ ਦੇ ਪ੍ਰਧਾਨ ਮੰਤਰੀ ਬਣਨ ਦੇ ਹੱਕ ਵਿਚ ਸਨ।