
ਮਹੁੰਮਦ ਸਦੀਕ, ਬਲਦੇਵ ਸਿੰਘ, ਗੁਲਜ਼ਾਰ ਰਣੀਕੇ ਅਤੇ ਪ੍ਰੋ. ਸਾਧੂ ਫ਼ਰੀਦਕੋਟ ਸੀਟ ਤੋਂ ਹੋਣਗੇ 'ਆਹਮੋ- ਸਾਹਮਣੇ'
ਬਾਘਾ ਪੁਰਾਣਾ : ਦੇਸ਼ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਮਦੇਨਜ਼ਰ ਇਸ ਵਾਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਜਿਥੇ ਬਹੁਕੋਣਾ ਮੁਕਾਬਲੇ ਹੋ ਰਹੇ ਹਨ ਉਥੇ ਹੀ ਮਾਲਵਾ ਖਿੱਤੇ ਦੀ ਅਹਿਮ ਫ਼ਰੀਦਕੋਟ ਸੀਟ ਤੋਂ ਇਸ ਵਾਰ ਇਕ ਦਿਲਚਸਪ ਨਜ਼ਾਰਾ ਦੇਖਣ ਨੂੰ ਇਹ ਮਿਲੇਗਾ ਕਿ ਇਸ ਸੀਟ ਤੇ ਤਿੰਨ ਅਜਿਹੇ ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਹਨ ਜਿਨ੍ਹਾ ਦਾ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਹਿਲਾਂ ਵੀ ਮੁਕਾਬਲਾ ਹੋ ਚੁੱਕਾ ਹੈ।
Muhammad Sadiq
ਕਾਂਗਰਸ ਪਾਰਟੀ ਵਲੋਂ ਅੱਜ ਇਸ ਹਲਕੇ ਤੋਂ ਸਾਬਕਾ ਵਿਧਾਇਕ ਮਹੁੰਮਦ ਸਦੀਕ ਨੂੰ ਚੋਣ ਪਿੜ ਵਿਚ ਉਤਾਰਿਆ ਹੈ ਉਹ ਇਸ ਤੋਂ ਪਹਿਲਾ ਜੈਤੋ ਹਲਕੇ ਤੋਂ 2017 ਦੀਆਂ ਵਿਧਾਨ ਸਭਾ ਚੋਣਾ ਵੇਲੇ ਪਾਰਟੀ ਟਿਕਟ ਤੇ ਚੋਣ ਲੜ੍ਹੇ ਸਨ ਜਿਨ੍ਹਾ ਨੂੰ ਉਸ ਵੇਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪ੍ਰੰਤੂ ਹੁਣ ਮਾਸਟਰ ਬਲਦੇਵ ਸਿੰਘ ਲੋਕ ਸਭਾ ਚੋਣਾਂ ਲਈ ਡੈਮੋਕਰੇਟਿਕ ਅਲਾਇੰਸ ਦੇ ਉਮੀਦਵਾਰ ਹਨ।
Baldev Singh
ਜਾਣਕਾਰੀ ਅਨੁਸਾਰ ਵਿਧਾਇਕ ਬਲਦੇਵ ਸਿੰਘ ਨੂੰ ਵਿਧਾਨ ਸਭਾ ਚੋਣਾਂ ਵਿਚ 45334 ਵੋਟਾਂ ਮਿਲੀਆਂ ਸਨ ਜਦੋਂਕਿ ਮਹੁੰਮਦ ਸਦੀਕ 35351 ਵੋਟ ਲੈ ਕੇ ਦੂਜੇ ਨੰਬਰ 'ਤੇ ਰਹੇ ਸਨ। ਪਿਛਲੇ ਕਾਫ਼ੀ ਦਿਨਾਂ ਤੋਂ ਮਾਸਟਰ ਬਲਦੇਵ ਸਿੰਘ ਨੇ ਤਾਂ ਅਪਣੀ ਚੋਣ ਮੁਹਿੰਮ ਨੂੰ ਵੀ ਭਖਾਇਆ ਹੋਇਆ ਹੈ ਉਨ੍ਹਾਂ ਦੇ ਹੱਕ ਵਿਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਵੀ ਚੋਣ ਪ੍ਰਚਾਰ ਕਰ ਰਹੇ ਹਨ। ਕਾਂਗਰਸ ਪਾਰਟੀ ਦੀ ਟਿਕਟ ਲਈ ਇਸ ਹਲਕੇ ਤੋਂ 32 ਦੇ ਕਰੀਬ ਚਾਹਵਾਨਾਂ ਨੇ ਅਪਣੀ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਟਿਕਟ ਦਾ ਗੁਣਾ ਗਾਇਕੀ ਦੇ ਚਰਚਿਤ ਚਿਹਰੇ ਕਰ ਕੇ ਮਹੁੰਮਦ ਸਦੀਕ 'ਤੇ ਪੈ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਮਹੁੰਮ ਸਦੀਕ ਇਹ ਸੀਟ ਜਿੱਤ ਕੇ ਅਪਣੀ ਵਿਧਾਨ ਸਭਾ ਚੋਣਾ ਵਿਚ ਹੋਈ ਹਾਰ ਦੀ ਭਰਪਾਈ ਕਰ ਸਕਦੇ ਹਨ ਜਾਂ ਨਹੀਂ।
Gulzar Singh Ranike
ਇਸ ਤੋਂ ਇਲਾਵਾ ਗੁਲਜ਼ਾਰ ਸਿੰਘ ਰਣੀਕੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਕੈਬਨਿਟ ਦੇ ਅਹੁਦੇ 'ਤੇ ਬਿਰਾਜਮਾਨ ਰਹਿ ਚੁੱਕੇ ਹਨ, ਇਹ ਵੀ ਲੋਕ ਸਭਾ ਹਲਕਾ ਫ਼ਰੀਦੋਕਟ ਤੋਂ ਧੜਲੇਦਾਰ ਟੱਕਰ ਦੇ ਸਕਦੇ ਹਨ। ਪ੍ਰੋ: ਸਾਧੂ ਸਿੰਘ ਜੋ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਪਹਿਲਾ ਹੀ ਐਮ.ਪੀ. ਰਹਿ ਚੁੱਕੇ ਹਨ ਅਤੇ ਉਨ੍ਹਾਂ ਵਲੋਂ ਹਲਕੇ ਅੰਦਰ ਵਿਕਾਸ ਦੇ ਕੰਮਾਂ ਅਤੇ ਗ੍ਰਾਟਾਂ ਦੀਆਂ ਝੜੀਆਂ ਲਾ ਚੁੱਕੇ ਹਨ ਉਹ ਵੀ ਅਪਣੇ ਆਪ ਨੂੰ ਜੇਤੂ ਹੋਇਆ ਉਮੀਦਵਾਰ ਹੀ ਸਮਝਦੇ ਹਨ। ਦੇਖਣਾ ਇਹ ਬਾਕੀ ਹੈ ਕਿ ਆਉਣ ਵਾਲੇ ਸਮੇਂ ਵਿਚ ਕਿਹੜਾ ਉਮੀਦਵਾਰ ਟੱਕਰ ਦੇ ਕੇ ਲੋਕ ਸਭਾ ਦੀਆਂ ਪੌੜੀਆਂ ਚੜਦਾ ਹੈ ।
Sadhu Singh