
ਦੋਸ਼ੀਆਂ ਖ਼ਿਲਾਫ਼ ਠੋਸ ਜਾਣਕਾਰੀ ਦੇਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਵੇਗੀ ਰੋਹਤਕ ਪੁਲਿਸ
ਰੋਹਤਕ: ਹਰਿਆਣਾ ਦੇ ਰੋਹਤਕ 'ਚ ਸੈਕਟਰ-1 ਸਥਿਤ ਏਟੀਐਮ 'ਤੇ ਪਹੁੰਚੀ ਕੈਸ਼ ਵੈਨ 'ਚੋਂ ਬਾਈਕ ਸਵਾਰ ਦੋ ਨੌਜਵਾਨਾਂ ਨੇ ਕਰੀਬ 2 ਕਰੋੜ 62 ਲੱਖ ਰੁਪਏ ਲੁੱਟ ਲਏ। ਜਦੋਂ ਗਾਰਡ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗਾਰਡ ਨੂੰ ਗੋਲੀ ਮਾਰ ਦਿੱਤੀ ਗਈ। ਇਹ ਨੌਜਵਾਨ ਕਰੋੜਾਂ ਰੁਪਏ ਦੀ ਰਾਸ਼ੀ ਬੋਰੀਆਂ ਵਿਚ ਭਰ ਕੇ ਫਰਾਰ ਹੋ ਗਏ ਹਨ। ਕਰੀਬ ਸਾਢੇ ਤਿੰਨ ਕਰੋੜ ਰੁਪਏ ਦੀ ਲੁੱਟ ਦੀ ਸੂਚਨਾ ਮਿਲਣ ਨਾਲ ਪੁਲਿਸ 'ਚ ਹੜਕੰਪ ਮਚ ਗਿਆ ਹੈ। ਐਸਪੀ ਉਦੈਵੀਰ ਸਿੰਘ ਮੀਣਾ ਨੇ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਜ਼ਿਲ੍ਹੇ ਭਰ ਵਿਚ ਨਾਕਾਬੰਦੀ ਕਰ ਦਿੱਤੀ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਤੋਂ ਲੁਟੇਰਿਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।
Rs 3 crore looted in cash van in Rohtak
ਜਾਣਕਾਰੀ ਮੁਤਾਬਕ ਵੱਖ-ਵੱਖ ਬੈਂਕਾਂ ਦੇ ਏਟੀਐੱਮ 'ਚ ਕੈਸ਼ ਪਾਉਣ ਵਾਲੀ ਕੰਪਨੀ 'ਚ ਤਾਇਨਾਤ ਦੋ ਕਰਮਚਾਰੀ ਸ਼ੁੱਕਰਵਾਰ ਦੁਪਹਿਰ ਨੂੰ ਰੋਹਤਕ ਦੇ ਸੈਕਟਰ-1 ਦੇ ਏਟੀਐੱਮ 'ਚ ਕੈਸ਼ ਪਾਉਣ ਲਈ ਪਹੁੰਚੇ ਸਨ। ਉਹ ਵੈਨ ਤੋਂ ਹੇਠਾਂ ਉਤਰੇ ਹੀ ਸਨ ਕਿ ਬਾਈਕ 'ਤੇ ਆਏ ਦੋ ਨੌਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਦੋਂ ਉਹ ਨਕਦੀ ਲੁੱਟਣ ਲੱਗਾ ਤਾਂ ਗਾਰਡ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ 'ਤੇ ਦੋ ਵਾਰ ਫਾਇਰਿੰਗ ਕਰ ਦਿੱਤੀ। ਜਦੋਂ ਉਹ ਹੇਠਾਂ ਡਿੱਗਿਆ ਤਾਂ ਲੁਟੇਰੇ ਵੈਨ ਵਿਚ ਮੌਜੂਦ ਨਕਦੀ ਬੋਰੀ ਵਿਚ ਪਾ ਕੇ ਫ਼ਰਾਰ ਹੋ ਗਏ। ਲੁੱਟੀ ਗਈ ਰਕਮ 2 ਕਰੋੜ 62 ਲੱਖ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਨਕਦੀ ਦੀ ਰਕਮ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ।
ਮਿਲੀ ਜਾਣਕਾਰੀ ਅਨੁਸਾਰ ਬਦਮਾਸ਼ ਪਹਿਲਾਂ ਹੀ ਵੈਨ ਦੇ ਪਿੱਛੇ ਲੱਗੇ ਹੋਏ ਸਨ। ਕੈਸ਼ ਬੈਨ ਤਿੰਨ ਬੈਂਕਾਂ ਤੋਂ ਪੈਸੇ ਲੈ ਕੇ ਵੱਖ-ਵੱਖ ਏਟੀਐਮ ਵਿਚ ਪਾ ਰਹੀ ਸੀ। ਜਦੋਂ ਵੈਨ ਇੱਥੇ ਰੁਕੀ ਤਾਂ ਉਸ ਦੇ ਪਿੱਛੇ ਦੋ ਬਾਈਕ ਸਵਾਰ ਖੜ੍ਹੇ ਸਨ। ਜਿਵੇਂ ਹੀ ਕਰਮਚਾਰੀ ਵੈਨ 'ਚੋਂ ਨਕਦੀ ਕਢਵਾਉਣ ਲੱਗੇ ਤਾਂ ਉਹਨਾਂ ਨੇ ਸੁਰੱਖਿਆ ਗਾਰਡ 'ਤੇ ਗੋਲੀਆਂ ਚਲਾ ਦਿੱਤੀਆਂ, ਜਦਕਿ ਤਿੰਨੇ ਕਰਮਚਾਰੀ ਭੱਜ ਗਏ। ਐਸਪੀ ਨੇ ਦੱਸਿਆ ਕਿ ਸੁਰੱਖਿਆ ਗਾਰਡ ਨੂੰ 2 ਗੋਲੀਆਂ ਲੱਗੀਆਂ ਹਨ, ਉਹ ਖਤਰੇ ਤੋਂ ਬਾਹਰ ਹੈ। ਉਹਨਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਮਿਲ ਗਈ ਹੈ। ਬਾਈਕ ਦਾ ਨੰਬਰ ਵੀ ਮਿਲ ਗਿਆ ਹੈ। ਜਲਦੀ ਹੀ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇਗਾ। ਰੋਹਤਕ ਪੁਲਿਸ ਨੇ ਮਾਮਲੇ 'ਚ ਦੋਸ਼ੀਆਂ ਖ਼ਿਲਾਫ਼ ਠੋਸ ਜਾਣਕਾਰੀ ਦੇਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।