
ਸਾਬਕਾ ਰਾਸ਼ਟਰਪਤੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਣਬ ਮੁਖਰਜੀ ਆਰਐਸਐਸ ਦੇ ਸੰਸਥਾਪਕ ਸਰਸੰਘਚਾਲਕ ਕੇਸ਼ਵ ਬਲੀਰਾਮ ਹੈਡਗੇਵਾਰ ਦੇ ਜਨਮ ਸਥਾਨ 'ਤੇ ਗਏ ਅਤੇ ਉਨ੍ਹਾਂ...
ਨਾਗਪੁਰ : ਸਾਬਕਾ ਰਾਸ਼ਟਰਪਤੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਣਬ ਮੁਖਰਜੀ ਆਰਐਸਐਸ ਦੇ ਸੰਸਥਾਪਕ ਸਰਸੰਘਚਾਲਕ ਕੇਸ਼ਵ ਬਲੀਰਾਮ ਹੈਡਗੇਵਾਰ ਦੇ ਜਨਮ ਸਥਾਨ 'ਤੇ ਗਏ ਅਤੇ ਉਨ੍ਹਾਂ ਨੂੰ ਭਾਰਤ ਮਾਤਾ ਦਾ ਪੁੱਤਰ ਦਸਿਆ। ਮੁਖਰਜੀ ਨੇ ਇਥੇ ਆਰਐਸਐਸ ਦੇ ਮੁੱਖ ਦਫ਼ਤਰ ਵਿਚ ਬੇਹੱਦ ਉਡੀਕੇ ਜਾ ਰਹੇ ਅਪਣੇ ਭਾਸ਼ਨ ਤੋਂ ਪਹਿਲਾਂ ਹੈਡਗੇਵਾਰ ਦੇ ਜਨਮ ਸਥਾਨ 'ਤੇ ਜਾ ਕੇ ਮਹਿਮਾਨ ਕਿਤਾਬ ਵਿਚ ਲਿਖਿਆ, 'ਅੱਜ ਮੈਂ ਭਾਰਤ ਮਾਤਾ ਦੇ ਮਹਾਨ ਪੁੱਤਰ ਨੂੰ ਅਪਣੀ ਸ਼ਰਧਾਂਜਲੀ ਦੇਣ ਆਇਆ ਹਾਂ।'
Pranab Mukherjee and Hedgewar
ਸੂਤਰਾਂ ਨੇ ਦਸਿਆ ਕਿ ਇਸ ਮੌਕੇ ਸੁਭਾਸ਼ ਚੰਦਰ ਬੋਸ ਦੇ ਪਰਵਾਰ ਦੇ ਜੀਅ ਮੌਜੂਦ ਸਨ ਜਿਨ੍ਹਾਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਮੁਖਰਜੀ ਤੰਗ ਗਲੀਆਂ ਵਿਚੋਂ ਲੰਘਦੇ ਹੋਏ ਉਸ ਮਕਾਨ ਤਕ ਪੁੱਜੇ ਜਿਥੇ ਹੈਡਗੇਵਾਰ ਪੈਦਾ ਹੋਏ ਸਨ। ਮਕਾਨ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਅਪਣੀਆਂ ਜੁੱਤੀਆਂ ਲਾਹੀਆਂ। ਉਥੇ ਸੰਘ ਮੁਖੀ ਮੋਹਨ ਭਾਗਵਤ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸੂਤਰਾਂ ਮੁਤਾਬਕ ਹੈਡਗੇਵਾਰ ਨੂੰ ਸ਼ਰਧਾਂਜਲੀ ਦੇਣ ਨਾਲ ਜੁੜੀ ਮੁਖਰਜੀ ਦੀ ਇਹ ਯਾਤਰਾ ਉਨ੍ਹਾਂ ਦੇ ਤੈਅ ਪ੍ਰੋਗਰਾਮ ਦਾ ਹਿੱਸਾ ਨਹੀਂ ਸੀ ਅਤੇ ਸਾਬਕਾ ਰਾਸ਼ਟਰਪਤੀ ਨੇ ਅਚਾਨਕ ਅਜਿਹਾ ਕਰਨ ਦਾ ਫ਼ੈਸਲਾ ਕੀਤਾ।
Pranab Mukherjee in nagpur
ਮੁਖਰਜੀ ਕਲ ਸ਼ਾਮ ਨਾਗਪੁਰ ਪਹੁੰਚੇ ਸਨ। ਸੰਘ ਨੇ ਉਨ੍ਹਾਂ ਨੂੰ ਅਪਣੇ ਸਿਖਿਆ ਵਰਗ ਨੂੰ ਸੰਬੋਧਨ ਕਰਨ ਅਤੇ ਸੰਘ ਕਾਰਕੁਨਾਂ ਦੀ ਪਰੇਡ ਦਾ ਨਿਰੀਖਣ ਕਰਨ ਲਈ ਸੱਦਿਆ ਸੀ। ਕਲ ਮੁਖਰਜੀ ਦੀ ਬੇਟੀ ਸ਼ਮਿਠਾ ਮੁਖਰਜੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਦੇ ਸੰਘ ਦੇ ਸਮਾਗਮ ਵਿਚ ਜਾਣ ਦੇ ਫ਼ੈਸਲੇ ਨਾਲ ਭਾਜਪਾ ਅਤੇ ਸੰਘ ਨੂੰ ਝੂਠੀਆਂ ਖ਼ਬਰਾਂ ਫੈਲਾਉਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਾਸ਼ਨ ਨੂੰ ਭੁਲਾ ਦਿਤਾ ਜਾਵੇਗਾ ਅਤੇ ਸਿਰਫ਼ ਤਸਵੀਰ ਬਚੀ ਰਹੇਗੀ। ਕਈ ਕਾਂਗਰਸੀ ਆਗੂਆਂ ਨੇ ਵੀ ਉਨ੍ਹਾਂ ਦੇ ਇਸ ਫ਼ੈਸਲੇ 'ਤੇ ਹੈਰਾਨੀ ਅਤੇ ਇਤਰਾਜ਼ ਪ੍ਰਗਟ ਕੀਤਾ ਸੀ। ਆਨੰਦ ਸ਼ਰਮਾ ਸਮੇਤ ਕੁੱਝ ਨੇਤਾ ਤਾਂ ਉਨ੍ਹਾਂ ਨੂੰ ਮਨਾਉਣ ਵੀ ਗਏ ਸਨ। (ਏਜੰਸੀ)