![File Photo. File Photo.](/cover/prev/05pjnot1aal29isijarhlj6eu6-20240708223837.Medi.jpeg)
ਸਰਕਾਰ ਨੇ ਦਾਅਵਾ ਦਾ ਕੀਤਾ ਖੰਡਨ
ਮੁੰਬਈ: ਮਹਾਰਾਸ਼ਟਰ ਸਰਕਾਰ ਲੰਡਨ ਦੇ ਇਕ ਅਜਾਇਬ ਘਰ ਤੋਂ ‘ਵਾਘਨੱਖਾ’ ਜਾਂ ਸ਼ੇਰ ਦੇ ਪੰਜੇ ਦੇ ਆਕਾਰ ਦਾ ਹਥਿਆਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਹ ‘ਅਸਲੀ’ ਨਹੀਂ ਹੈ। ਇਤਿਹਾਸਕਾਰ ਇੰਦਰਜੀਤ ਸਾਵੰਤ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਮਹਾਨ ਸ਼ਾਸਕ ਵਲੋਂ ਵਰਤਿਆ ਗਿਆ ‘ਵਾਘਨੱਖਾ’ ਸੂਬੇ ਦੇ ਸਤਾਰਾ ’ਚ ਹੀ ਮੌਜੂਦ ਹੈ, ਪਰ ਮੰਤਰੀ ਸ਼ੰਭੂਰਾਜ ਦੇਸਾਈ ਨੇ ਕਿਹਾ ਕਿ ‘ਬਘਨੱਖਾ’ ਲੰਡਨ ’ਚ ਹੈ।
ਸੂਬਾ ਸਰਕਾਰ ਨੇ ਪਿਛਲੇ ਸਾਲ ਲੰਡਨ ਸਥਿਤ ਅਜਾਇਬ ਘਰ ਨਾਲ ‘ਵਾਘਨੱਖਾ’ ਹਾਸਲ ਕਰਨ ਲਈ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ ਸਨ। ਮਰਾਠਾ ਸਾਮਰਾਜ ਦੇ ਸੰਸਥਾਪਕ ਛਤਰਪਤੀ ਸ਼ਿਵਾਜੀ ਨੇ 1659 ’ਚ ਬੀਜਾਪੁਰ ਸਲਤਨਤ ਦੇ ਜਨਰਲ ਅਫਜ਼ਲ ਖਾਨ ਨੂੰ ਮਾਰਨ ਲਈ ਇਸ ਦੀ ਵਰਤੋਂ ਕੀਤੀ ਸੀ।
‘ਵਾਘਨੱਖਾ’ ਇਕ ਯੋਧੇ ਰਾਜੇ ਦੀ ਲਗਨ ਅਤੇ ਬਹਾਦਰੀ ਦਾ ਇਕ ਸਥਾਈ ਅਤੇ ਸਤਿਕਾਰਯੋਗ ਪ੍ਰਤੀਕ ਹੈ ਕਿਉਂਕਿ ਇਸ ਦੀ ਵਰਤੋਂ ਵੱਡੇ ਵਿਰੋਧੀ ਨੂੰ ਸਰੀਰਕ ਤੌਰ ’ਤੇ ਦਬਾਉਣ ਅਤੇ ਮਾਰਨ ਲਈ ਕੀਤੀ ਜਾਂਦੀ ਸੀ।
ਉਨ੍ਹਾਂ ਕਿਹਾ, ‘‘ਵਾਘਨੱਖਾ ਨੂੰ ਤਿੰਨ ਸਾਲਾਂ ਲਈ 30 ਕਰੋੜ ਰੁਪਏ ਦੇ ਕਰਜ਼ੇ ਦੇ ਸਮਝੌਤੇ ’ਤੇ ਮਹਾਰਾਸ਼ਟਰ ਲਿਆਂਦਾ ਜਾ ਰਿਹਾ ਹੈ। ਮੇਰੀ ਚਿੱਠੀ ਦੇ ਜਵਾਬ ’ਚ ਲੰਡਨ ਦੇ ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ ਨੇ ਕਿਹਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ‘ਬਘਨੱਖਾ’ (ਜੋ ਇਸ ਕੋਲ ਹੈ) ਛਤਰਪਤੀ ਸ਼ਿਵਾਜੀ ਮਹਾਰਾਜ ਦਾ ਹੈ।’’
ਸਾਵੰਤ ਨੇ ਦਾਅਵਾ ਕੀਤਾ, ‘‘ਮੰਤਰੀ ਸੁਧੀਰ ਮੁੰਗਤੀਵਾਰ ਦੀ ਅਗਵਾਈ ’ਚ ਮਹਾਰਾਸ਼ਟਰ ਦੀ ਟੀਮ ਜੋ ਕਰਜ਼ਾ ਸਮਝੌਤੇ ’ਤੇ ਦਸਤਖਤ ਕਰਨ ਲਈ ਲੰਡਨ ਗਈ ਸੀ, ਨੂੰ ਇਹ ਜਾਣਕਾਰੀ ਪ੍ਰਦਰਸ਼ਿਤ ਕਰਨ ਲਈ ਕਿਹਾ ਗਿਆ ਹੈ। ਅਸਲੀ ‘ਵਾਘਨੱਖਾ’ ਸਤਾਰਾ ’ਚ ਹੈ।’’
ਇਕ ਹੋਰ ਖੋਜਕਰਤਾ ਪਾਂਡੂਰੰਗ ਬਲਕਾਵਡੇ ਨੇ ਇਕ ਮਰਾਠੀ ਟੀ.ਵੀ. ਚੈਨਲ ਨੂੰ ਦਸਿਆ ਕਿ ਪ੍ਰਤਾਪ ਸਿੰਘ ਛਤਰਪਤੀ ਨੇ 1818 ਤੋਂ 1823 ਦੇ ਵਿਚਕਾਰ ਅਪਣੇ ਨਿੱਜੀ ਸੰਗ੍ਰਹਿ ਵਿਚੋਂ ‘‘ਵਾਘਨੱਖਾ’ ਬ੍ਰਿਟਿਸ਼ ਅਧਿਕਾਰੀ ‘ਗ੍ਰਾਂਟ ਡੱਫ’ ਨੂੰ ਦਿਤਾ ਸੀ। ਉਸ ਨੇ ਕਿਹਾ ਕਿ ਡੱਫ ਦੇ ਉੱਤਰਾਧਿਕਾਰੀਆਂ ਨੇ ਇਸ ਨੂੰ ਅਜਾਇਬ ਘਰ ਨੂੰ ਸੌਂਪ ਦਿਤਾ ਸੀ।
ਸਾਵੰਤ ਨੇ ਕਿਹਾ ਕਿ ਡੱਫ ਦੇ ਭਾਰਤ ਛੱਡਣ ਤੋਂ ਬਾਅਦ ਪ੍ਰਤਾਪ ਸਿੰਘ ਛਤਰਪਤੀ ਨੇ ਕਈ ਲੋਕਾਂ ਨੂੰ ‘ਵਾਘਨੱਖਾ’ ਵਿਖਾਇਆ। ਇਸ ਮੁੱਦੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਮੰਤਰੀ ਸ਼ੰਭੂਰਾਜ ਦੇਸਾਈ ਨੇ ਕਿਹਾ ਕਿ ਇਹ ਸੱਭ ਜਾਣਦੇ ਹਨ ਕਿ ‘ਭਵਾਨੀ ਤਲਵਾੜ’ ਅਤੇ ‘ਵਾਘਨੱਖਾ’ ਲੰਡਨ ਵਿਚ ਹਨ। ਉਨ੍ਹਾਂ ਕਿਹਾ, ‘‘ਸਾਡੀ ਸਰਕਾਰ ਨੇ ਵੇਰਵਿਆਂ ਦੀ ਪੁਸ਼ਟੀ ਕੀਤੀ ਅਤੇ ਫਿਰ ਸਮਝੌਤੇ ’ਤੇ ਦਸਤਖਤ ਕੀਤੇ। ਜੇ ਇਤਿਹਾਸਕਾਰਾਂ ਦੀ ਕੋਈ ਹੋਰ ਰਾਏ ਹੈ, ਤਾਂ ਸਾਡੀ ਸਰਕਾਰ ਇਸ ਮੁੱਦੇ ਨੂੰ ਸਪੱਸ਼ਟ ਕਰੇਗੀ।’’