
ਪਰੀਮ ਕੋਰਟ ਨੇ ਦੇਸ਼ ਵਿਚ ਬਲਾਤਕਾਰ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਵਿਚ ਖੱਬੇ, ਸੱਜੇ,ਵਿਚਾਲੇ ਯਾਨੀ ਹਰ ਪਾਸੇ ਔਰਤਾਂ ਨਾਲ ਬਲਾਤਕਾਰ..........
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦੇਸ਼ ਵਿਚ ਬਲਾਤਕਾਰ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਵਿਚ ਖੱਬੇ, ਸੱਜੇ, ਵਿਚਾਲੇ ਯਾਨੀ ਹਰ ਪਾਸੇ ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ। ਜਸਟਿਸ ਐਮ ਬੀ ਲੋਕੂਰ, ਦੀਪਕ ਗੁਪਤਾ ਅਤੇ ਕੇ ਐਮ ਜੋਜ਼ੇਫ਼ ਦੇ ਬੈਂਚ ਨੇ ਬਿਹਾਰ ਦੇ ਸ਼ੈਲਟਮ ਹੋਮ ਮਾਮਲੇ ਵਿਚ ਬਿਹਾਰ ਸਰਕਾਰੀ ਦੀ ਖਿਚਾਈ ਕੀਤੀ। ਅਦਾਲਤ ਨੇ ਪੁਛਿਆ ਕਿ ਉਸ ਗ਼ੈਰ-ਸਰਕਾਰੀ ਸੰਸਥਾ ਨੂੰ ਫ਼ੰਡ ਕਿਉਂ ਦਿਤੇ ਗਏ ਜਿਹੜੀ ਮੁਜ਼ੱਫ਼ਰਪੁਰ ਵਿਚ ਸ਼ੈਲਟਰ ਹੋਮ ਚਲਾਉਂਦੀ ਸੀ। ਇਸ ਹੋਮ ਵਿਚ ਕੁੜੀਆਂ ਨਾਲ ਕਥਿਤ ਤੌਰ 'ਤੇ ਜਿਸਮਾਨੀ ਸ਼ੋਸ਼ਣ ਹੋਇਆ ਹੈ।
ਬੈਂਚ ਨੇ ਕੌਮੀ ਅਪਰਾਧ ਰੀਕਾਰਡ ਬਿਊਰੋ ਦੇ ਡਾਟੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਰਤ ਵਿਚ ਹਰ ਛੇ ਘੰਟਿਆਂ ਵਿਚ ਇਕ ਔਰਤ ਨਾਲ ਬਲਾਤਕਾਰ ਹੋ ਰਿਹਾ ਹੈ। ਜੱਜਾਂ ਨੇ ਕਿਹਾ, 'ਕੀ ਕੀਤਾ ਜਾਵੇ। ਕੁੜੀਆਂ ਅਤੇ ਔਰਤਾਂ ਨਾਲ ਹਰ ਥਾਈਂ ਬਲਾਤਕਾਰ ਹੋ ਰਹੇ ਹਨ।' ਅਦਾਲਤ ਦੀ ਸਹਾਇਕ ਵਕੀਲ ਅਪਰਨਾ ਭੱਟ ਨੇ ਦਸਿਆ ਕਿ ਮੁਜ਼ੱਫ਼ਰਪੁਰ ਕਾਂਡ ਦੀਆਂ ਪੀੜਤਾਂ ਨੂੰ ਕੋਈ ਮੁਆਵਜ਼ਾ ਨਹੀਂ ਦਿਤਾ ਗਿਆ। ਵਕੀਲ ਨੇ ਕਿਹਾ ਕਿ ਇਕ ਕੁੜੀ ਤਾਂ ਹਾਲੇ ਵੀ ਗ਼ਾਇਬ ਹੈ ਜਿਸ ਨਾਲ ਜਿਸਮਾਨੀ ਸ਼ੋਸ਼ਣ ਹੋਇਆ ਸੀ।
ਸ਼ੈਲਟਰ ਹੋਮਜ਼ ਦਾ ਆਡਿਟ ਕਰਨ ਵਾਲੀ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਨੇ ਅਦਾਲਤ ਨੂੰ ਦਸਿਆ ਕਿ ਬਿਹਾਰ ਦੀਆਂ ਅਜਿਹੀਆਂ 110 ਸੰਸਥਾਵਾਂ ਵਿਚੋਂ 15 ਬਾਰੇ ਗੰਭੀਰ ਇਤਰਾਜ਼ ਉਠਾਏ ਗਏ ਸਨ। ਬਿਹਾਰ ਸਰਕਾਰ ਨੇ ਅਦਾਲਤ ਨੂੰ ਦਸਿਆ ਕਿ ਜਿਸਮਾਨੀ ਸ਼ੋਸ਼ਣ ਦੇ ਨੌਂ ਮਾਮਲੇ ਦਰਜ ਕੀਤੇ ਗਏ ਹਨ। ਮੁਜ਼ਫ਼ਰਪੁਰ ਵਿਚ 30 ਤੋਂ ਵੱਧ ਕੁੜੀਆਂ ਨਾਲ ਜਿਸਮਾਨੀ ਸ਼ੋਸ਼ਣ ਹੋਇਆ ਸੀ। (ਪੀਟੀਆਈ)