
ਢਿੱਗਾਂ ਡਿੱਗਣ ਕਾਰਨ ਕੀਤਾ ਗਿਆ ਸੀ ਬੰਦ
ਚੰਡੀਗੜ੍ਹ: ਢਿੱਗਾਂ ਡਿੱਗਣ ਕਾਰਨ ਕਰੀਬ ਇਕ ਹਫ਼ਤੇ ਤਕ ਬੰਦ ਰਹੇ ਸ਼ਿਮਲਾ -ਕਾਲਕਾ ਰਾਸ਼ਟਰੀ ਰਾਜਮਾਰਗ ਨੂੰ ਮੰਗਲਵਾਰ ਨੂੰ ਹਲਕੇ ਵਾਹਨਾਂ ਲਈ ਖੋਲ੍ਹ ਦਿਤਾ ਗਿਆ। ਸੋਲਨ ਦੇ ਐਸ.ਪੀ. ਗੌਰਵ ਸਿੰਘ ਨੇ ਇਹ ਜਾਣਕਾਰੀ ਦਿਤੀ। ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਧਰਮਪੁਰ ਅਤੇ ਪਰਵਾਣੂ ਵਿਚਕਾਰ ਕੋਟੀ ਨੇੜੇ ਚੱਕੀ ਮੋੜ 'ਤੇ 2 ਅਗਸਤ ਨੂੰ ਢਿੱਗਾਂ ਡਿੱਗਣ ਕਾਰਨ ਸ਼ਿਮਲਾ ਅਤੇ ਚੰਡੀਗੜ੍ਹ ਨੂੰ ਜੋੜਨ ਵਾਲਾ ਹਾਈਵੇਅ ਬੰਦ ਕਰ ਦਿਤਾ ਗਿਆ ਸੀ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਜਗਤਾਰ ਸਿੰਘ ਜੱਗੀ ਜੌਹਲ ਦੀ ਜ਼ਮਾਨਤ ਵਿਰੁੱਧ NIA ਦੀ ਅਪੀਲ ਕੀਤੀ ਖਾਰਜ
ਇਸ ਦੌਰਾਨ ਸੜਕ ਦਾ ਕਰੀਬ 50 ਮੀਟਰ ਹਿੱਸਾ ਧਸ ਗਿਆ ਸੀ। ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਪਰ ਰੁਕ-ਰੁਕ ਕੇ ਪਏ ਮੀਂਹ ਦੇ ਚਲਦਿਆਂ ਢਿੱਗਾਂ ਡਿੱਗਣ ਕਾਰਨ ਇਹ ਕੰਮ ਠੱਪ ਹੋ ਗਿਆ। ਅਜਿਹੀ ਸਥਿਤੀ ਵਿਚ ਪੁਲਿਸ ਨੂੰ ਆਵਾਜਾਈ ਨੂੰ ਬਦਲਵੇਂ ਰਸਤਿਆਂ ਵੱਲ ਮੋੜਨ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ: ਬ੍ਰਿਕਸ ਸੰਮੇਲਨ ਵਿਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ: ਅਫਰੀਕੀ ਵਿਦੇਸ਼ ਮੰਤਰੀ
ਸੋਲਨ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ (ਟ੍ਰੈਫਿਕ) ਭੀਸ਼ਮ ਸਿੰਘ ਠਾਕੁਰ ਨੇ ਦਸਿਆ ਕਿ ਸਵੇਰੇ 11.50 ਵਜੇ ਸੜਕ ਨੂੰ ਹਲਕੇ ਵਾਹਨਾਂ ਅਤੇ ਫਲ ਅਤੇ ਸਬਜ਼ੀਆਂ ਲੈ ਕੇ ਜਾਣ ਵਾਲੇ ਵਾਹਨਾਂ ਲਈ ਖੋਲ੍ਹ ਦਿਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੜਕ ਦੀ ਹਾਲਤ ਦੇ ਮੱਦੇਨਜ਼ਰ ਇਸ ਨੂੰ ਸ਼ਾਮ 4 ਵਜੇ ਬੱਸਾਂ ਅਤੇ ਬਾਅਦ ਵਿਚ ਭਾਰੀ ਵਾਹਨਾਂ ਲਈ ਖੋਲ੍ਹ ਦਿਤਾ ਜਾਵੇਗਾ। ਦੱਸ ਦੇਈਏ ਕਿ 19 ਜੁਲਾਈ ਤੋਂ ਮੀਂਹ ਅਤੇ ਹੜ੍ਹਾਂ ਕਾਰਨ ਜ਼ਮੀਨ ਖਿਸਕਣ ਕਾਰਨ ਸੂਬੇ ਦੀਆਂ ਲਗਭਗ 220 ਸੜਕਾਂ ਅਜੇ ਵੀ ਆਵਾਜਾਈ ਲਈ ਬੰਦ ਹਨ।