
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਦਫ਼ਤਰ ਵਲੋਂ ਭਾਰਤ ਪਹੁੰਚ ਰਹੇ ਇਨ੍ਹਾਂ ਆਗੂਆਂ ਦੇ ਸਵਾਗਤ ਦੀ ਇਕ ਵੀਡੀਉ ਵੀ ਸਾਂਝੀ ਕੀਤੀ ਗਈ।
ਨਵੀਂ ਦਿੱਲੀ: ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ, ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡੀਜ਼ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ.) ਦੀ ਮੁਖੀ ਕ੍ਰਿਸਟਾਲੀਨਾ ਜਾਰਜੀਵਾ ਉਨ੍ਹਾਂ ਚੋਟੀ ਦੇ ਨੇਤਾਵਾਂ ਵਿਚ ਸ਼ਾਮਲ ਸਨ ਜੋ ਸ਼ੁਕਰਵਾਰ ਸਵੇਰੇ ਜੀ-20 ਸੰਮੇਲਨ ਲਈ ਰਾਸ਼ਟਰੀ ਰਾਜਧਾਨੀ ਪਹੁੰਚੇ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਦਫ਼ਤਰ ਵਲੋਂ ਭਾਰਤ ਪਹੁੰਚ ਰਹੇ ਇਨ੍ਹਾਂ ਆਗੂਆਂ ਦੇ ਸਵਾਗਤ ਦੀ ਇਕ ਵੀਡੀਉ ਵੀ ਸਾਂਝੀ ਕੀਤੀ ਗਈ।
ਜੀ-20 ਦੇ ਨੇਤਾ ਇਥੇ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਸਮੂਹ ਦੇ ਸਾਲਾਨਾ ਸੰਮੇਲਨ 'ਚ ਮਹੱਤਵਪੂਰਨ ਵਿਸ਼ਵ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨਗੇ। ਭਾਰਤ ਮੌਜੂਦਾ ਜੀ-20 ਪ੍ਰਤੀਨਿਧੀ ਵਜੋਂ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਪ੍ਰਭਾਵਸ਼ਾਲੀ ਸਮੂਹਾਂ ਦੇ ਨੇਤਾਵਾਂ ਦਾ ਹਵਾਈ ਅੱਡੇ 'ਤੇ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਅਪਣੇ ਨਿੱਘੇ ਸਵਾਗਤ ਤੋਂ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਜਾਰਜੀਵਾ ਨੇ ਏਅਰਪੋਰਟ 'ਤੇ ਸੰਗੀਤ ਦੀ ਧੁਨ 'ਤੇ ਡਾਂਸ ਵੀ ਕੀਤਾ।
Swagatam!
India welcomes world leaders for the historic #G20Summit . A momentous gathering of global leaders on Indian soil. #G20India pic.twitter.com/xu2Jnb5mv6
ਅਪਣੀ ਜੀ-20 ਪ੍ਰਧਾਨਗੀ ਦੇ ਅਧੀਨ, ਭਾਰਤ ਵੱਖ-ਵੱਖ ਮੁੱਦਿਆਂ ਜਿਵੇਂ ਕਿ ਸਮਾਵੇਸ਼ੀ ਵਿਕਾਸ, ਡਿਜੀਟਲ ਨਵੀਨਤਾ, ਜਲਵਾਯੂ ਲਚਕੀਲੇਪਨ ਅਤੇ ਬਰਾਬਰ ਵਿਸ਼ਵ ਸਿਹਤ ਪਹੁੰਚ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।
ਜੀ-20 ਮੈਂਬਰ ਦੇਸ਼ ਗਲੋਬਲ ਜੀ.ਡੀ.ਪੀ. ਦਾ ਲਗਭਗ 85 ਫ਼ੀ ਸਦੀ, ਵਿਸ਼ਵ ਵਪਾਰ ਦਾ 75 ਫ਼ੀ ਸਦੀ ਤੋਂ ਵੱਧ ਅਤੇ ਵਿਸ਼ਵ ਦੀ ਆਬਾਦੀ ਦਾ ਲਗਭਗ ਦੋ ਤਿਹਾਈ ਹਿੱਸਾ ਹੈ। ਇਸ ਸਮੂਹ ਵਿਚ ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂ.ਕੇ., ਅਮਰੀਕਾ ਅਤੇ ਯੂਰਪੀਅਨ ਯੂਨੀਅਨ (ਈ.ਯੂ.) ਸ਼ਾਮਲ ਹਨ।