
ਅਰਵਿੰਦ ਕੇਜਰੀਵਾਲ ਨੇ ਵੀ ਲੈਫਟੀਨੈਂਟ ਗਵਰਨਰ ਦੇ ਨਵੇਂ ਪੱਤਰ 'ਤੇ ਟਵੀਟ ਕਰਦੇ ਹੋਏ ਲਿਖਿਆ, 'ਅੱਜ ਇਕ ਹੋਰ ਲਵ ਲੈਟਰ ਆਇਆ ਹੈ।'
ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਦੇ ਲੈਫਟੀਨੈਂਟ ਗਵਰਨਰ ਵਿਨੇ ਕੁਮਾਰ ਸਕਸੈਨਾ ਨੇ ਇਕ ਵਾਰ ਫਿਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ। ਸ਼ਨੀਵਾਰ ਨੂੰ ਕੇਜਰੀਵਾਲ ਨੂੰ ਛੇ ਪੰਨਿਆਂ ਦੀ ਚਿੱਠੀ ਭੇਜਦੇ ਹੋਏ ਲੈਫਟੀਨੈਂਟ ਗਵਰਨਰ ਨੇ ਕਿਹਾ ਹੈ ਕਿ ਉਮੀਦ ਹੈ ਕਿ ਮੇਰੇ ਇਸ ਸੰਦੇਸ਼ ਨੂੰ ਤੁਸੀਂ ਸਹੀ ਮਾਇਨੇ ਵਿਚ ਦਿੱਲੀ ਦੇ ਸਰਪ੍ਰਸਤ ਤੋਂ ਪ੍ਰਾਪਤ 'ਡਿਊਟੀ ਪੱਤਰ' (ਜਿਸ ਨੂੰ ਤੁਸੀਂ 'ਪ੍ਰੇਮ ਪੱਤਰ' ਕਹਿ ਰਹੇ ਹੋ) ਵਜੋਂ ਪ੍ਰਾਪਤ ਕਰੋਗੇ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਇਕ ਟਵੀਟ ਵਿਚ ਸੀਐਮ ਕੇਜਰੀਵਾਲ ਨੇ ਕਿਹਾ ਸੀ ਕਿ 'ਐਲਜੀ ਸਾਬ੍ਹ ਜਿੰਨਾ ਮੈਨੂੰ ਰੋਜ਼ ਝਿੜਕਦੇ ਹਨ, ਓਨਾ ਮੇਰੀ ਪਤਨੀ ਨਹੀਂ ਝਿੜਕਦੀ। ਪਿਛਲੇ ਛੇ ਮਹੀਨਿਆਂ ਵਿਚ ਐਲਜੀ ਸਾਬ੍ਹ ਨੇ ਜਿੰਨੇ ਲਵ ਲੈਟਰ ਮੈਨੂੰ ਲਿਖੇ ਹਨ, ਓਨੇ ਮੇਰੀ ਪਤਨੀ ਨੇ ਆਪਣੀ ਪੂਰੀ ਜ਼ਿੰਦਗੀ ਵਿਚ ਮੈਨੂੰ ਨਹੀਂ ਲਿਖੇ”। ਸ਼ਨੀਵਾਰ ਨੂੰ ਕੇਜਰੀਵਾਲ ਨੇ ਵੀ ਲੈਫਟੀਨੈਂਟ ਗਵਰਨਰ ਦੇ ਨਵੇਂ ਪੱਤਰ 'ਤੇ ਟਵੀਟ ਕਰਦੇ ਹੋਏ ਲਿਖਿਆ, 'ਅੱਜ ਇਕ ਹੋਰ ਲਵ ਲੈਟਰ ਆਇਆ ਹੈ।' ਇਸ ਨਵੇਂ ਪੱਤਰ ਵਿਚ ਲੈਫਟੀਨੈਂਟ ਗਵਰਨਰ ਨੇ ਅਰਵਿੰਦ ਕੇਜਰੀਵਾਲ ਨੂੰ ਆਪਣੇ ਹੁਣ ਤੱਕ ਲਏ ਗਏ ਸਾਰੇ 11 ਫੈਸਲੇ ਗਿਣਵਾਏ ਹਨ, ਜਿਸ ਕਾਰਨ ਲੈਫਟੀਨੈਂਟ ਗਵਰਨਰ ਅਤੇ ਮੁੱਖ ਮੰਤਰੀ ਵਿਚਾਲੇ ਤਣਾਅ ਪੈਦਾ ਹੋਇਆ ਹੈ।
LG ਨੇ ਨਵੇਂ ਪੱਤਰ ਵਿਚ ਕੀ ਕਿਹਾ?
- ਤੁਹਾਡੀ ਸਰਕਾਰ ਇਸ਼ਤਿਹਾਰਾਂ ਅਤੇ ਭਾਸ਼ਣਾਂ ਦੇ ਆਧਾਰ 'ਤੇ ਚੱਲ ਰਹੀ ਹੈ
-ਸੰਵਿਧਾਨਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਮੈਂ ਇਹਨਾਂ ਕਮੀਆਂ ਨੂੰ ਸਮਝਾ ਕੇ ਹੱਲ ਕਰਨ ਦੀ ਬੇਨਤੀ ਕੀਤੀ ਤਾਂ ਤੁਸੀਂ ਅਤੇ ਤੁਹਾਡੇ ਸਾਥੀਆਂ ਨੇ ਉਹਨਾਂ ਦਾ ਜਵਾਬ ਨਾ ਦਿੰਦੇ ਹੋਏ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਤੱਥਹੀਣ ਅਤੇ ਨਿੱਜੀ ਦੋਸ਼ ਲਗਾਏ।
- ਮਨੀਸ਼ ਸਿਸੋਦੀਆ ਦੀਆਂ ਤੱਥਹੀਣ ਚਿੱਠੀਆਂ ਅਤੇ ਤੁਹਾਡੀ ਪਾਰਟੀ ਦੇ ਕਈ ਨੇਤਾਵਾਂ ਦੇ ਗੁੰਮਰਾਹਕੁੰਨ ਅਤੇ ਬੇਤੁਕੇ ਬਿਆਨਾਂ ਦਾ ਨੋਟਿਸ ਅਤੇ ਹਵਾਲਾ ਲਓ।
- ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹਾਂਗਾ ਕਿ ਮੇਰੇ ਦੁਆਰਾ ਪੱਤਰ ਲਿਖ ਕੇ ਜੋ ਵਿਸ਼ੇ ਦੱਸੇ ਗਏ ਸਨ, ਉਹ ਸਾਰੇ ਦਿੱਲੀ ਦੇ ਆਮ ਨਾਗਰਿਕਾਂ ਦੀ ਭਲਾਈ ਅਤੇ ਪ੍ਰਸ਼ਾਸਨ ਨਾਲ ਜੁੜੇ ਮੁੱਦੇ ਸਨ।
-ਮੈਨੂੰ ਜਾਂ ਦਿੱਲੀ ਦੇ ਲੋਕਾਂ ਨੂੰ ਆਮ ਲੋਕਾਂ ਦੇ ਜੀਵਨ ਨਾਲ ਜੁੜੇ ਮਾਮਲਿਆਂ ਬਾਰੇ ਤੁਹਾਡੇ ਵੱਲੋਂ ਅਜੇ ਤੱਕ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਹੈ।
-ਮੈਂ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿਚ ਪੂਰੀ ਤਰ੍ਹਾਂ ਨਿਰਪੱਖ ਅਤੇ ਈਮਾਨਦਾਰ ਰਿਹਾ ਹਾਂ।
ਇਸ ਪੱਤਰ ਵਿਚ ਮਨੀਸ਼ ਸਿਸੋਦੀਆ ਵੱਲੋਂ ਦਿੱਲੀ ਨਗਰ ਨਿਗਮ ਵਿਚ 6000 ਕਰੋੜ ਦੇ ਘਪਲੇ ਦੀ ਸੀਬੀਆਈ ਜਾਂਚ ਦੀ ਮੰਗ ਦਾ ਲੈਫਟੀਨੈਂਟ ਗਵਰਨਰ ਵੱਲੋਂ ਜਵਾਬ ਵੀ ਦਿੱਤਾ ਗਿਆ ਹੈ। ਉਸ ਬਾਰੇ ਲਿਖਿਆ ਗਿਆ ਹੈ, 'ਇਸ ਮਾਮਲੇ ਨਾਲ ਸਬੰਧਤ ਤੱਥਾਂ ਬਾਰੇ ਸਬੰਧਤ ਅਧਿਕਾਰੀਆਂ ਤੋਂ ਵਿਸਥਾਰਤ ਰਿਪੋਰਟ ਮੰਗੀ ਗਈ ਸੀ। ਰਿਪੋਰਟ ਵਿਚ ਦੱਸਿਆ ਗਿਆ ਕਿ ਸਬੰਧਤ ਏਜੰਸੀ ਖ਼ਿਲਾਫ਼ ਨਿਯਮਾਂ ਅਨੁਸਾਰ ਠੇਕਾ ਰੱਦ ਕਰ ਦਿੱਤਾ ਗਿਆ। ਬਕਾਇਆ ਰਾਸ਼ੀ ਦੀ ਵਸੂਲੀ ਲਈ ਏਜੰਸੀ ਵਿਰੁੱਧ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ’।