
ਸੰਸਦ ਦਾ ਸਰਦ ਰੁੱਤ ਸੈਸ਼ਨ ਦਸੰਬਰ ਦੇ ਦੂਜੇ ਹਫਤੇ ਸ਼ੁਰੂ ਹੋ ਸਕਦਾ ਹੈ ਅਤੇ ਕ੍ਰਿਸਮਿਸ ਤੋਂ ਪਹਿਲਾਂ ਖਤਮ ਹੋਣ ਦੀ ਸੰਭਾਵਨਾ ਹੈ।
Parliament Winter Session 2023: ਸੰਸਦ ਦਾ ਸਰਦ ਰੁੱਤ ਸੈਸ਼ਨ ਦਸੰਬਰ ਦੇ ਦੂਜੇ ਹਫਤੇ ਸ਼ੁਰੂ ਹੋ ਸਕਦਾ ਹੈ ਅਤੇ ਕ੍ਰਿਸਮਿਸ ਤੋਂ ਪਹਿਲਾਂ ਖਤਮ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਇਹ ਸੈਸ਼ਨ 3 ਦਸੰਬਰ ਨੂੰ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਤੋਂ ਕੁਝ ਦਿਨ ਬਾਅਦ ਸ਼ੁਰੂ ਹੋ ਸਕਦਾ ਹੈ।
ਸੈਸ਼ਨ ਦੌਰਾਨ ਪ੍ਰਮੁੱਖ ਅਪਰਾਧਕ ਕਾਨੂੰਨਾਂ ਨੂੰ ਬਦਲਣ ਲਈ ਤਿੰਨ ਵੱਡੇ ਬਿਲਾਂ ’ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਗ੍ਰਹਿ ਮਾਮਲਿਆਂ ਬਾਰੇ ਸਥਾਈ ਕਮੇਟੀ ਨੇ ਹਾਲ ਹੀ ’ਚ ਤਿੰਨ ਬਿਲਾਂ ਬਾਰੇ ਅਪਣੀ ਰੀਪੋਰਟ ਨੂੰ ਅਪਣਾਇਆ ਹੈ। ਸਰਦ ਰੁੱਤ ਸੈਸ਼ਨ ਆਮ ਤੌਰ ’ਤੇ ਨਵੰਬਰ ਦੇ ਤੀਜੇ ਹਫ਼ਤੇ ਸ਼ੁਰੂ ਹੁੰਦਾ ਹੈ ਅਤੇ ਕ੍ਰਿਸਮਸ (25 ਦਸੰਬਰ) ਤੋਂ ਪਹਿਲਾਂ ਖ਼ਤਮ ਹੁੰਦਾ ਹੈ। ਸੰਸਦ ’ਚ ਲੰਬਿਤ ਇਕ ਹੋਰ ਵੱਡਾ ਬਿਲ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਨਾਲ ਸਬੰਧਤ ਹੈ।
ਸਰਕਾਰ ਨੇ ਵਿਰੋਧੀ ਧਿਰ ਅਤੇ ਸਾਬਕਾ ਮੁੱਖ ਚੋਣ ਕਮਿਸ਼ਨਰਾਂ ਦੇ ਵਿਰੋਧ ਦਰਮਿਆਨ ਸੰਸਦ ਦੇ ਵਿਸ਼ੇਸ਼ ਸੈਸ਼ਨ ’ਚ ਮਾਨਸੂਨ ਸੈਸ਼ਨ ’ਚ ਪੇਸ਼ ਕੀਤੇ ਇਸ ਬਿਲ ਨੂੰ ਪਾਸ ਕਰਨ ਲਈ ਜ਼ੋਰ ਨਹੀਂ ਦਿਤਾ। ਇਸ ਬਿਲ ਰਾਹੀਂ ਸਰਕਾਰ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦਾ ਦਰਜਾ ਕੈਬਨਿਟ ਸਕੱਤਰ ਦੇ ਬਰਾਬਰ ਲਿਆਉਣਾ ਚਾਹੁੰਦੀ ਹੈ। ਮੌਜੂਦਾ ਸਮੇਂ ’ਚ ਉਨ੍ਹਾਂ ਦਾ ਦਰਜਾ ਸੁਪਰੀਮ ਕੋਰਟ ਦੇ ਜੱਜ ਦੇ ਬਰਾਬਰ ਹੈ। (ਪੀਟੀਆਈ)