
ਇਹ ਹਾਦਸਾ ਵੀਰਵਾਰ ਦੁਪਹਿਰ 3.15 ਵਜੇ ਸ਼ੇਰਗੜ੍ਹ ਨੇੜੇ ਪਿੰਡ ਭੂੰਗੜਾ ਵਿਖੇ ਵਾਪਰਿਆ।
ਜੋਧਪੁਰ: ਰਾਜਸਥਾਨ ਦੇ ਜੋਧਪੁਰ ਵਿਚ ਇਕ ਵਿਆਹ ਸਮਾਗਮ ਵਿਚ 5 ਗੈਸ ਸਿਲੰਡਰਾਂ ਵਿਚ ਧਮਾਕਾ ਹੋਣ ਕਾਰਨ ਹਫੜਾ-ਦਫੜੀ ਮੱਚ ਗਈ। ਹਾਦਸੇ 'ਚ ਲਾੜੇ, ਉਸ ਦੇ ਮਾਤਾ-ਪਿਤਾ ਸਮੇਤ 60 ਲੋਕ ਝੁਲਸ ਗਏ। 2 ਬੱਚਿਆਂ ਦੀ ਵੀ ਮੌਤ ਹੋ ਗਈ। ਇਹ ਹਾਦਸਾ ਵੀਰਵਾਰ ਦੁਪਹਿਰ 3.15 ਵਜੇ ਸ਼ੇਰਗੜ੍ਹ ਨੇੜੇ ਪਿੰਡ ਭੂੰਗੜਾ ਵਿਖੇ ਵਾਪਰਿਆ। ਇੱਥੇ ਤਖ਼ਤ ਸਿੰਘ ਦੇ ਘਰ ਵਿਆਹ ਸਮਾਗਮ ਸੀ। ਬਾਰਾਤ ਨਿਕਲਣ ਹੀ ਵਾਲੀ ਸੀ ਕਿ ਅਚਾਨਕ ਸਿਲੰਡਰ ਫਟ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਕਲੈਕਟਰ ਹਿਮਾਂਸ਼ੂ ਗੁਪਤਾ ਹਸਪਤਾਲ ਪਹੁੰਚੇ। ਡਾਕਟਰ ਐਸਐਨ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦਿਲੀਪ ਕਛਵਾ ਨੇ ਦੱਸਿਆ ਕਿ 60 ਜ਼ਖ਼ਮੀਆਂ ਵਿਚੋਂ 51 ਨੂੰ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਹਨਾਂ ਵਿਚੋਂ 8 ਵਿਅਕਤੀ 90 ਫੀਸਦੀ ਤੋਂ ਵੱਧ ਝੁਲਸ ਚੁੱਕੇ ਹਨ। ਵਾਰਡ ਵਿਚ 48 ਲੋਕ ਦਾਖਲ ਹਨ, 1 ਬੱਚਾ ਆਈਸੀਯੂ ਵਿਚ ਹੈ। ਜਦਕਿ 5 ਅਤੇ 7 ਸਾਲ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਜਿੱਥੇ ਇਹ ਘਟਨਾ ਵਾਪਰੀ, ਉੱਥੇ ਵੱਡੀ ਗਿਣਤੀ ਵਿਚ ਬਾਰਾਤੀ ਮੌਜੂਦ ਸਨ।
ਦਿਹਾਤੀ ਐਸਪੀ ਅਨਿਲ ਕਯਾਲ ਨੇ ਦੱਸਿਆ ਕਿ 5 ਸਿਲੰਡਰ ਫਟ ਗਏ। ਖਾਣਾ ਬਣਾਉਂਦੇ ਸਮੇਂ ਅਚਾਨਕ ਸਿਲੰਡਰ ਲੀਕ ਹੋ ਗਿਆ ਅਤੇ ਅੱਗ ਲੱਗ ਗਈ। ਇਸ ਦੌਰਾਨ ਨੇੜਲੇ ਪੰਜ ਸਿਲੰਡਰਾਂ ਨੂੰ ਵੀ ਅੱਗ ਲੱਗ ਗਈ ਅਤੇ ਧਮਾਕੇ ਹੋਣ ਲੱਗੇ। ਜਿੱਥੇ ਸਿਲੰਡਰ ਫਟਿਆ, ਉੱਥੇ ਕਰੀਬ 100 ਲੋਕ ਮੌਜੂਦ ਸਨ।