
ਕਾਂਗਰਸ ਆਗੂ ਮਣੀਸ਼ੰਕਰ ਅਈਅਰ ਨੇ ਇਕ ਵਾਰੀ ਫਿਰ ਵਿਵਾਦਤ ਬਿਆਨ ਦਿਤਾ ਹੈ.........
ਨਵੀਂ ਦਿੱਲੀ/ਲਖਨਊ : ਕਾਂਗਰਸ ਆਗੂ ਮਣੀਸ਼ੰਕਰ ਅਈਅਰ ਨੇ ਇਕ ਵਾਰੀ ਫਿਰ ਵਿਵਾਦਤ ਬਿਆਨ ਦਿਤਾ ਹੈ। ਇਸ ਵਾਰੀ ਉਨ੍ਹਾਂ ਨੇ ਅਯੋਧਿਆ 'ਚ ਰਾਮ ਮੰਦਰ ਨੂੰ ਲੈ ਕੇ ਬਿਆਨ ਦਿਤਾ ਹੈ, ਜਿਸ ਤੋਂ ਇਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਚੰਦਰ ਦੇ ਪਿਤਾ ਦਸ਼ਰਥ ਦੇ ਮਹਿਲ 'ਚ 10 ਹਜ਼ਾਰ ਕਮਰੇ ਸਨ, ਪਰ ਭਗਵਾਨ ਰਾਮ ਕਿਹੜੇ ਕਮਰੇ 'ਚ ਪੈਦਾ ਹੋਏ ਸਨ ਇਸ ਦਾ ਕਿਸ ਨੂੰ ਪਤਾ ਹੈ? ਅਈਅਰ ਨੇ ਇਹ ਗੱਲ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ ਦੇ ਦਿੱਲੀ 'ਚ ਹੋਏ ਇਕ ਪ੍ਰੋਗਰਾਮ 'ਇਕ ਸ਼ਾਮ ਬਾਬਰੀ ਦੇ ਨਾਮ' 'ਚ ਕਹੀ।
ਕਾਂਗਰਸ ਦੇ ਸੀਨੀਅਰ ਨੇਤਾ ਮਣੀਸ਼ੰਕਰ ਅਈਅਰ ਦੇ ਭਗਵਾਨ ਰਾਮ ਦੇ ਜਨਮਸਥਾਨ ਸਬੰਧੀ ਬਿਆਨ 'ਤੇ ਭਾਰਤੀ ਜਨਤਾ ਪਾਰਟੀ ਨੇ ਨਿਸ਼ਾਨਾ ਸਾਧਿਆ। ਰਾਮ ਦੇ ਜਨਮ ਸਥਾਨ 'ਤੇ ਸਵਾਲ ਚੁੱਕਣ 'ਤੇ ਭਾਜਪਾ ਨੇ ਮੰਗਲਵਾਰ ਨੂੰ ਉਨ੍ਹਾਂ ਤੋਂ ਪੁਛਿਆ ਕਿ ਉਹ ਖੁਦ ਦੱਸਣ ਕਿ ਕਿਥੇ ਪੈਦਾ ਹੋਏ ਸਨ?ਭਾਜਪਾ ਦੇ ਬੁਲਾਰੇ ਸ਼ਲਭ ਮਣੀ ਤ੍ਰਿਪਾਠੀ ਨੇ ਅੱਜ ਟਵੀਟ ਕਰ ਕੇ ਅਈਅਰ ਤੋਂ ਪੁਛਿਆ ਕਿ ਭਗਵਾਨ ਰਾਮ ਲਈ ਗ਼ਲਤ ਭਾਸ਼ਾ ਬੋਲਣ ਵਾਲੇ ਮਣੀਸ਼ੰਕਰ ਪਹਿਲਾਂ ਇਹ ਦੱਸਣ ਕਿ ਉਹ ਕਿਸ ਕਮਰੇ ਵਿਚ ਪੈਦਾ ਹੋਏ।
Shalabh Mani Tripathi
ਉਨ੍ਹਾਂ ਕਿਹਾ ਕਿ ਅਈਅਰ ਦੇ ਇਸ ਬਿਆਨ ਨਾਲ ਦੇਸ਼ ਦੇ ਹਿੰਦੂਆਂ ਦੀ ਸ਼ਰਧਾ ਨੂੰ ਠੇਸ ਪਹੁੰਚੀ ਹੈ, ਪੂਰਾ ਦੇਸ਼ ਜਾਣਦਾ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਭਗਵਾਨ ਰਾਮ ਦੀ ਹੋਂਦ ਸਬੰਧੀ ਮਜਾਕ ਬਣਾਉਂਦੀ ਰਹੀ ਹੈ। ਜ਼ਿਕਰਯੋਗ ਹੈ ਕਿ ਅਈਅਰ ਨੇ ਸੋਮਵਾਰ ਨੂੰ ਇਕ ਪ੍ਰੋਗਰਾਮ ਵਿਚ ਕਿਹਾ ਸੀ ਕਿ ਮੰਦਰ ਉਹ ਹੀ ਬਣਾਉਣਗੇ ਦਾ ਕੀ ਮਤਲਬ ਹੈ? ਦਸ਼ਰਥ ਇਕ ਬਹੁਤ ਵੱਡੇ ਮਹਾਂਰਾਜਾ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਮਹਿਲ ਵਿਚ ਦਸ ਹਜ਼ਾਰ ਕਮਰੇ ਸਨ। ਕੌਣ ਜਾਣਦਾ ਹੈ ਕਿ ਕਿਹੜਾ ਕਮਰਾ ਕਿਥੇ ਸੀ। ਇਸ ਲਈ ਇਹ ਕਹਿਣਾ ਕਿ ਅਸੀਂ ਜਾਣਦੇ ਹਾਂ ਕਿ ਭਗਵਾਨ ਰਾਮ ਇਥੇ ਪੈਦਾ ਹੋਏ ਸਨ, ਇਸ ਲਈ ਮੰਦਰ ਇਥੇ ਮੰਦਰ ਬਣਵਾਉਣਾ ਹੈ।
ਕਿਉਂਕਿ ਇਥੇ ਇਕ ਮਸਜ਼ਿਦ ਹੈ। ਪਹਿਲਾਂ ਅਸੀਂ ਮਸਜਿਦ ਤੋੜਾਂਗੇ ਅਤੇ ਇਸ ਦੀ ਜਗ੍ਹਾ ਮੰਦਰ ਬਣਾਵਾਂਗੇ। ਇਹ ਗ਼ਲਤ ਹੈ। ਕੀ ਇਕ ਹਿੰਦੁਸਤਾਨੀ ਲਈ ਅੱਲਾ 'ਤੇ ਭਰੋਸਾ ਰੱਖਣਾ ਗ਼ਲਤ ਹੈ? ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਵੀ ਅਈਅਰ ਦੇ ਇਕ ਬਿਆਨ ਤੋਂ ਕਾਂਗਰਸ ਪਾਰਟੀ ਨੂੰ ਕਾਫ਼ੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਮਗਰੋਂ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿਤਾ ਗਿਆ ਸੀ। ਪਾਰਟੀ 'ਚ ਪਰਤਣ ਮਗਰੋਂ ਇਹ ਉਨ੍ਹਾਂ ਦਾ ਪਹਿਲਾ ਵਿਵਾਦ ਬਿਆਨ ਹੈ। (ਏਜੰਸੀਆਂ)