
ਸੋਮਵਾਰ ਨੂੰ ਇੰਦੌਰ 'ਚ 17ਵੇਂ ਪਰਵਾਸੀ ਭਾਰਤੀ ਦਿਵਸ ਸੰਮੇਲਨ 'ਚ ਆਉਣਾ ਸੀ ਪ੍ਰਧਾਨ ਮੰਤਰੀ ਮੋਦੀ ਨੇ
ਇੰਦੌਰ - ਇੰਦੌਰ ਵਿੱਚ ਪਰਵਾਸੀ ਭਾਰਤੀ ਦਿਵਸ ਸੰਮੇਲਨ ਦੌਰਾਨ ਇੱਕ ਚੌਂਕ 'ਤੇ ਸੁੱਕੀ ਘਾਹ 'ਤੇ ਸਪਰੇਅ ਨਾਲ ਕਥਿਤ ਤੌਰ 'ਤੇ ਹਰਾ ਰੰਗ ਛਿੜਕਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਰਾਹੀਂ ਕਈ ਕਾਂਗਰਸੀ ਆਗੂਆਂ ਨੇ ਸੱਤਾਧਾਰੀ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ।
ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਬੀ.ਵੀ. ਸ਼੍ਰੀਨਿਵਾਸ ਨੇ ਐਤਵਾਰ ਨੂੰ ਟਵਿੱਟਰ 'ਤੇ ਇਹ ਵੀਡੀਓ ਸਾਂਝਾ ਕਰਦੇ ਹੋਏ ਕਿਹਾ, "ਨਾ ਮੰਨਣ ਯੋਗ, ਅਵਿਸ਼ਵਾਸ਼ਯੋਗ ਤਸਵੀਰਾਂ.. ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਇੰਦੌਰ ਨੂੰ ਹਰਿਆ-ਭਰਿਆ ਬਣਾਉਣ ਲਈ, ਭਾਜਪਾ ਸਰਕਾਰ ਨੇ ਘਾਹ ਨੂੰ ਹਰੇ ਰੰਗ ਨਾਲ ਰੰਗ ਦਿੱਤਾ। ਵਾਹ ਸ਼ਿਵਰਾਜ ਵਾਹ !!"
ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਸੋਮਵਾਰ ਨੂੰ ਇੱਥੇ 17ਵੇਂ ਪਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਉਦਘਾਟਨ ਕਰਨ ਜਾ ਰਹੇ ਹਨ।
ਇਸ ਵੀਡੀਓ ਨੂੰ ਲੈ ਕੇ ਇੰਦੌਰ ਨਗਰ ਨਿਗਮ ਦੇ ਅਧਿਕਾਰੀਆਂ ਦਾ ਜਵਾਬ ਕਈ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਮਿਲ ਸਕਿਆ।
ਇਸ ਦੌਰਾਨ, ਭਾਜਪਾ ਦੀ ਸੂਬਾ ਇਕਾਈ ਦੇ ਬੁਲਾਰੇ ਨਰਿੰਦਰ ਸਲੂਜਾ ਨੇ ਕਿਹਾ, "ਪਰਵਾਸੀ ਭਾਰਤੀ ਦਿਵਸ ਸੰਮੇਲਨ ਦੀ ਮੇਜ਼ਬਾਨੀ ਦਾ ਵੱਡਾ ਮੌਕਾ ਹਾਸਲ ਕਰਨ ਵਾਲੇ ਇੰਦੌਰ ਨੂੰ ਬੇਹੱਦ ਘੱਟ ਸਮੇਂ 'ਚ ਸਜਾਇਆ-ਸੁਆਰਿਆ ਗਿਆ ਹੈ, ਅਤੇ ਇਸ ਨਾਲ ਕਾਂਗਰਸ ਦੇ ਪੇਟ ਵਿੱਚ ਦਰਦ ਹੋ ਰਿਹਾ ਹੈ।"
ਸਲੂਜਾ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਜਦੋਂ ਵੀ ਕੋਈ ਚੰਗਾ ਕੰਮ ਹੁੰਦਾ ਹੈ ਤਾਂ ਕਾਂਗਰਸ ਖੁਸ਼ ਨਹੀਂ ਹੁੰਦੀ।