
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਕ ਬਿਆਨ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ’ਤੇ ਉਹਨਾਂ ਨੇ ਸਪੱਸ਼ਟੀਕਰਨ ਦਿੱਤਾ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਕ ਬਿਆਨ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ’ਤੇ ਉਹਨਾਂ ਨੇ ਸਪੱਸ਼ਟੀਕਰਨ ਦਿੱਤਾ ਹੈ। ਉਹਨਾਂ ਕਿਹਾ ਕਿ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਪਰਵਾਸੀਆਂ ਨਾਲ ਸਾਡਾ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਇਸ ਨੂੰ ਕੋਈ ਨਹੀਂ ਤੋੜ ਸਕਦਾ।
ਉਹਨਾਂ ਕਿਹਾ, “ਕੱਲ੍ਹ ਤੋਂ ਮੇਰੇ ਇਕ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਆਏ ਪਰਵਾਸੀਆਂ ਨੇ ਖੂਨ-ਪਸੀਨੇ ਨਾਲ ਮਿਹਨਤ ਕਰਕੇ ਪੰਜਾਬ ਨੂੰ ਵਿਕਾਸ ਦੇ ਰਾਹ ਤੋਰਿਆ ਹੈ। ਉਹਨਾਂ ਨਾਲ ਸਾਡਾ ਨਹੁੰ-ਮਾਸ ਦਾ ਰਿਸ਼ਤਾ ਹੈ, ਇਸ ਨੂੰ ਕੋਈ ਨਹੀਂ ਤੋੜ ਸਕਦਾ। ਮੈਂ ਉਹਨਾਂ ਲੋਕਾਂ ਬਾਰੇ ਗੱਲ ਕੀਤੀ ਸੀ ਜੋ ਬਾਹਰੋਂ ਆ ਕੇ ਪੰਜਾਬ ਦੀ ਸ਼ਾਂਤੀ ਭੰਗ ਕਰ ਰਹੇ ਹਨ। ਜਿੰਨਾ ਪੰਜਾਬ ਸਾਡਾ ਹੈ, ਓਨਾ ਹੀ ਪੰਜਾਬ ਉਹਨਾਂ ਪਰਵਾਸੀਆਂ ਦਾ ਵੀ ਹੈ, ਜੋ ਇੱਥੇ ਆ ਕੇ ਕੰਮ ਕਰਦੇ ਹਨ”।
ਦੱਸ ਦੇਈਏ ਕਿ 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ, 'ਪ੍ਰਿਯੰਕਾ ਗਾਂਧੀ ਪੰਜਾਬ ਦੀ ਨੂੰਹ ਹੈ, ਸਾਰੇ ਪੰਜਾਬੀਆਂ ਨੂੰ ਯੂਪੀ, ਬਿਹਾਰ ਅਤੇ ਦਿੱਲੀ ਤੋਂ ਆ ਰਹੇ ਉਹਨਾਂ ਲੋਕਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ, ਜੋ ਇੱਥੇ ਰਾਜ ਕਰਨ ਆਉਂਦੇ ਹਨ।
ਇਸ ਬਿਆਨ ਤੋਂ ਬਾਅਦ ਉੱਥੇ ਮੌਜੂਦ ਪ੍ਰਿਯੰਕਾ ਗਾਂਧੀ ਤਾੜੀਆਂ ਵਜਾਉਣ ਲੱਗ ਪਏ ਸਨ। ਇਸ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ। ਉਹਨਾਂ ਦੇ ਬਿਆਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਪ੍ਰਿਯੰਕਾ ਗਾਂਧੀ 'ਤੇ ਹਮਲਾ ਬੋਲ ਰਹੀਆਂ ਹਨ।