
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੋਕ ਸਭਾ ’ਚ ‘ਪ੍ਰਾਈਵੇਟ ਮੈਂਬਰ ਬਿੱਲ’ ਲਿਆਉਣਗੇ ਕਾਂਗਰਸੀ ਸੰਸਦ ਮੈਂਬਰ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਦਰਮਿਆਨ ਕਾਨੂੰਨਾਂ ਨੂੰ ਵਾਪਸ ਕਰਵਾਉਣ ਹਿਤ ਸਿਆਸੀ ਮੋਰਚਾਬੰਦੀ ਵੀ ਸ਼ੁਰੂ ਹੋ ਚੁੱਕੀ ਹੈ। ਖਾਸ ਕਰ ਕੇ ਕਾਂਗਰਸ ਦੇ ਪੰਜਾਬ ਨਾਲ ਸਬੰਧਤ ਸੰਸਦ ਮੈਂਬਰਾਂ ਵਲੋਂ ਵਿਸ਼ੇਸ਼ ਲਾਮਬੰਦੀ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਨੇ ਨਵੀਂ ਦਿੱਲੀ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਪੰਜਾਬ ਨਾਲ ਸਬੰਧਤ ਕਾਂਗਰਸ ਸੰਸਦ ਮੈਂਬਰਾਂ ਮੁਤਾਬਕ ਉਹ ਵਿਵਾਦਾਂ ’ਚ ਘਿਰੇ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੋਕ ਸਭਾ ’ਚ ‘ਪ੍ਰਾਈਵੇਟ ਮੈਂਬਰ ਬਿੱਲ’ ਲਿਆਉਣਗੇ।
Congress MP
ਪ੍ਰੈੱਸ ਕਾਨਫਰੰਸ ’ਚ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਰਵਨੀਤ ਬਿੱਟੂ, ਅਮਰ ਸਿੰਘ, ਸੰਤੋਖ ਚੌਧਰੀ, ਮੁਹੰਮਦ ਸਦੀਕ ਅਤੇ ਪਰਨੀਤ ਕੌਰ ਨੇ ਸ਼ਿਰਕਤ ਕੀਤੀ। ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਦੇ ਕਾਂਗਰਸ ਸੰਸਦ ਮੈਂਬਰਾਂ ਦੇ ਇਕ ਸਮੂਹ ਇਸ ਸੈਸ਼ਨ ’ਚ ‘ਰੱਦ ਅਤੇ ਸੋਧ ਬਿੱਲ-2021’ ਪੇਸ਼ ਕੀਤਾ ਜਾਵੇਗਾ।
Congress MP
ਇਸ ਪ੍ਰਾਈਵੇਟ ਮੈਂਬਰ ਬਿੱਲ ਨੂੰ ਪੇਸ਼ ਕਰਨ ਵਾਲੇ ਸੰਸਦ ਮੈਂਬਰਾਂ ਵਿਚ ਮਨੀਸ਼ ਤਿਵਾੜੀ, ਪਰਨੀਤ ਕੌਰ, ਜਸਬੀਰ ਸਿੰਘ ਗਿੱਲ ਅਤੇ ਸੰਤੋਖ ਚੌਧਰੀ ਸ਼ਾਮਲ ਹੋਣਗੇ ਅਤੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਤਿਵਾੜੀ ਨੇ ਕਿਹਾ ਕਿ ਸਰਕਾਰ ਦੀ ਨੀਤੀ ਅਤੇ ਨੀਅਤ ਠੀਕ ਨਹੀਂ ਹੈ।
Congress MP
ਤਿਵਾੜੀ ਮੁਤਾਬਕ ਉਹ ਦੂਜੀਆਂ ਪਾਰਟੀਆਂ ਦੇ ਉਨ੍ਹਾਂ ਸੰਸਦ ਮੈਂਬਰਾਂ ਦਾ ਵੀ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ । ਇਸ ਤਰ੍ਹਾਂ ਦਾ ਗੈਰ-ਸਰਕਾਰੀ ਬਿੱਲ ਰਾਜ ਸਭਾ ਵਿਚ ਵੀ ਲਿਆਂਦੇ ਜਾਣ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਮੁਨੀਸ਼ ਤਿਵਾੜੀ ਨੇ ਕਿਹਾ ਕਿ ਉੱਚ ਸਦਨ (ਰਾਜ ਸਭਾ) ਦੇ ਆਪਣੇ ਸਾਥੀਆਂ ਨੂੰ ਅਜਿਹਾ ਕਰਨ ਦੀ ਅਪੀਲ ਕਰਨਗੇ।
Congress MP
ਕਾਬਲੇਗੌਰ ਹੈ ਕਿ ਪਿਛਲੇ 77 ਦਿਨਾਂ ਤੋਂ ਜਾਰੀ ਅੰਦੋਲਨ ਦੌਰਾਨ ਪੌਣੇ 200 ਦੇ ਕਰੀਬ ਕਿਸਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਠੰਡ ਵਿਚ ਕਮੀ ਆਉਣ ਦੇ ਬਾਵਜੂਦ ਧਰਨਾ ਸਥਾਨ ਤੋਂ ਰੋਜ਼ਾਨਾ ਕਿਸਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਆ ਰਹੀਆਂ ਹਨ। ਦੂਜੇ ਪਾਸੇ ਕੇਂਦਰ ਸਰਕਾਰ ਅਜੇ ਵੀ ਅੜੀਅਲ ਵਤੀਰੇ ‘ਤੇ ਕਾਇਮ ਹੈ। ਪ੍ਰਧਾਨ ਮੰਤਰੀ ਵਲੋਂ ਬੀਤੇ ਕੱਲ੍ਹ ਰਾਜ ਸਭਾ ਵਿਚ ਦਿਤੇ ਭਾਸ਼ਨ ਬਾਅਦ ਕਿਸਾਨ ਜਥੇਬੰਦੀਆਂ ਸਮੇਤ ਵਿਰੋਧੀ ਧਿਰਾਂ ਵਿਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਵਲੋਂ ਸਿਆਸੀ ਧਿਰਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਰਣਨੀਤੀ ਦੇ ਬਾਵਜੂਦ ਹੁਣ ਵੱਡੀ ਗਿਣਤੀ ਸਿਆਸੀ ਧਿਰਾਂ ਸਰਕਾਰ ਖਿਲਾਫ ਖੁਲ੍ਹ ਕੇ ਸਾਹਮਣੇ ਆਉਣ ਲੱਗੀਆਂ ਹਨ। ਸੱਤਾਧਾਰੀ ਧਿਰ ਖਿਲਾਫ ਜਾਰੀ ਮਹਾਂ ਪੰਚਾਇਤਾਂ ਵਿਚ ਜੁੜ ਰਹੇ ਜਨ-ਸੇਲਾਬ ਨੇ ਸਿਆਸੀ ਧਿਰਾਂ ਨੂੰ ਕਿਸਾਨਾਂ ਦੇ ਹੱਕ ਵਿਚ ਖੜਣ ਲਈ ਮਜ਼ਬੂਰ ਕੀਤਾ ਹੈ।