
ਪੰਜਾਬ, ਦਿੱਲੀ, ਜੰਮੂ-ਕਸ਼ਮੀਰ, ਮਹਾਰਾਸ਼ਟਰ, ਪੱਛਮੀ ਬੰਗਾਲ, ਕੇਰਲਾ ਵਿਚ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਣਗੀਆਂ
ਨਵੀਂ ਦਿੱਲੀ: ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਠ ਸਿਆਸੀ ਪਾਰਟੀਆਂ ਦੇ 9 ਆਗੂਆਂ ਵੱਲੋਂ ਲਿਖੇ ਪੱਤਰ 'ਤੇ ਭਾਜਪਾ ਨੇ ਜਵਾਬੀ ਹਮਲਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਪੱਤਰ ਦਾ ਜਵਾਬ ਦੇਸ਼ ਭਰ ਦੇ 9 ਸੂਬਿਆਂ ਵਿਚ ਪ੍ਰੈੱਸ ਕਾਨਫਰੰਸਾਂ ਰਾਹੀਂ ਦਿੱਤਾ ਜਾਵੇਗਾ। ਪੰਜਾਬ, ਦਿੱਲੀ, ਜੰਮੂ-ਕਸ਼ਮੀਰ, ਮਹਾਰਾਸ਼ਟਰ, ਪੱਛਮੀ ਬੰਗਾਲ, ਕੇਰਲਾ ਵਿਚ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਣਗੀਆਂ, ਜਿੱਥੋਂ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ।
ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਦੀ ਬਿਜਲੀ ਕੰਪਨੀਆਂ ਨੂੰ ਹਦਾਇਤ,”ਗਰਮੀਆਂ ਵਿਚ ਨਾ ਲੱਗਣ ਬਿਜਲੀ ਦੇ ਕੱਟ, ਪਹਿਲਾਂ ਤੋਂ ਚੁੱਕੋ ਕਦਮ”
ਭਾਜਪਾ ਦਾ ਕਹਿਣਾ ਹੈ ਕਿ ਇਹ ਆਗੂ ਜਾਂਚ ਦੇ ਡਰ ਕਾਰਨ ਇਕੱਠੇ ਹੋ ਰਹੇ ਹਨ। ਮਨੋਜ ਤਿਵਾੜੀ ਨੇ ਅੱਜ ਦਿੱਲੀ 'ਚ ਪ੍ਰੈੱਸ ਕਾਨਫਰੰਸ ਕੀਤੀ। ਸ਼ੁਵੇਂਦੂ ਅਧਿਕਾਰੀ ਪੱਛਮੀ ਬੰਗਾਲ ਵਿਚ ਪ੍ਰੈਸ ਕਾਨਫਰੰਸ ਕਰਨਗੇ। ਪਾਰਟੀ ਦੇ ਸੂਬਾ ਪ੍ਰਧਾਨ ਸੰਜੇ ਜੈਸਵਾਲ ਬਿਹਾਰ 'ਚ ਪ੍ਰੈੱਸ ਕਾਨਫਰੰਸ ਕਰਨਗੇ। ਉੱਤਰ ਪ੍ਰਦੇਸ਼ 'ਚ ਸੂਬੇ ਦੇ ਉਪ ਮੁੱਖ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਬ੍ਰਿਜੇਸ਼ ਪਾਠਕ ਦੀ ਪ੍ਰੈੱਸ ਕਾਨਫਰੰਸ ਹੋਵੇਗੀ। ਪਾਰਟੀ ਦੇ ਸੂਬਾ ਪ੍ਰਧਾਨ ਸੰਜੇ ਬੰਡੀ ਤੇਲੰਗਾਨਾ 'ਚ ਪ੍ਰੈੱਸ ਕਾਨਫਰੰਸ ਕਰਨਗੇ। ਇਲਜ਼ਾਮਾਂ ਦਾ ਜਵਾਬ ਦੇਣ ਲਈ ਕੇਰਲ, ਜੰਮੂ-ਕਸ਼ਮੀਰ ਅਤੇ ਪੰਜਾਬ 'ਚ ਵੀ ਪ੍ਰੈੱਸ ਕਾਨਫਰੰਸ ਹੋਵੇਗੀ।
ਇਹ ਵੀ ਪੜ੍ਹੋ: ਨਸ਼ੇ ਵਿਚ ਟੱਲੀ ਕਾਰ ਡਰਾਈਵਰ ਨੇ ਸਕੂਟੀ ਸਵਾਰ ਲੜਕੀਆਂ ਨੂੰ ਮਾਰੀ ਟੱਕਰ, ਇਕ ਦੀ ਮੌਤ
ਬਜਟ ਕਾਰਨ ਮਹਾਰਾਸ਼ਟਰ 'ਚ ਅੱਜ ਕੋਈ ਪ੍ਰੈੱਸ ਕਾਨਫਰੰਸ ਨਹੀਂ ਹੋਵੇਗੀ। ਉਥੇ ਭਲਕੇ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਪ੍ਰੈੱਸ ਕਾਨਫਰੰਸ ਕਰਨਗੇ। ਦੱਸ ਦੇਈਏ ਕਿ 'ਆਪ' ਨੇਤਾ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੋਂ ਬਾਅਦ ਅੱਠ ਵਿਰੋਧੀ ਪਾਰਟੀਆਂ ਦੇ 9 ਨੇਤਾਵਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਸੀ। ਪੱਤਰ 'ਤੇ ਦਸਤਖਤ ਕਰਨ ਵਾਲਿਆਂ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਐਨਸੀਪੀ ਮੁਖੀ ਸ਼ਰਦ ਪਵਾਰ, ਊਧਵ ਠਾਕਰੇ, ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਲੈ ਕੇ ਵਿਧਾਨ ਸਭਾ ’ਚ ਗਰਮਾਇਆ ਮਾਹੌਲ, ਕਾਂਗਰਸੀ ਅਤੇ ‘ਆਪ’ ਵਿਧਾਇਕਾਂ ਵਿਚਾਲੇ ਹੋਈ ਬਹਿਸ
ਇਸ ਤੋਂ ਬਾਅਦ ਕੇਰਲ ਦੇ ਮੁੱਖ ਮੰਤਰੀ ਪੀ ਵਿਜਯਨ ਨੇ ਵੀ ਪੀਐਮ ਮੋਦੀ ਨੂੰ ਅਜਿਹਾ ਹੀ ਪੱਤਰ ਲਿਖਿਆ ਸੀ। ਹਾਲਾਂਕਿ ਕਾਂਗਰਸ ਨੇ ਇਸ ਪੱਤਰ ਤੋਂ ਦੂਰੀ ਬਣਾਈ ਰੱਖੀ। ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਜੇਡੀਐਸ ਆਗੂ ਐਚਡੀ ਕੁਮਾਰਸਵਾਮੀ ਨੇ ਵੀ ਇਸ ਪੱਤਰ ਤੋਂ ਦੂਰੀ ਬਣਾਈ ਸੀ।