
ਦੇਸ਼ ਅੰਦਰ ਕੋਰੋਨਾ ਵਾਇਰਸ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਸ਼ੁਕਰਵਾਰ ਨੂੰ ਵੱਧ ਕੇ 1886 ਹੋ ਗਈ ਅਤੇ ਪੀੜਤ ਲੋਕਾਂ ਦੀ ਕੁਲ ਗਿਣਤੀ ਵੱਧ ਕੇ 56,342 ਹੋ ਗਈ
ਨਵੀਂ ਦਿੱਲੀ, 8 ਮਈ: ਦੇਸ਼ ਅੰਦਰ ਕੋਰੋਨਾ ਵਾਇਰਸ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਸ਼ੁਕਰਵਾਰ ਨੂੰ ਵੱਧ ਕੇ 1886 ਹੋ ਗਈ ਅਤੇ ਪੀੜਤ ਲੋਕਾਂ ਦੀ ਕੁਲ ਗਿਣਤੀ ਵੱਧ ਕੇ 56,342 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ 24 ਘੰਟਿਆਂ ’ਚ 103 ਲੋਕਾਂ ਦੀ ਮੌਤ ਹੋਈ ਹੈ ਅਤੇ ਲਾਗ ਦੇ 3390 ਨਵੇਂ ਮਾਮਲੇ ਸਾਹਮਣੇ ਆਏ ਹਨ।
ਮੰਤਰਾਲੇ ਨੇ ਦਸਿਆ ਕਿ ਦੇਸ ’ਚ 37,916 ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ ਜਦਕਿ 16,539 ਲੋਕ ਸਿਹਤਮੰਦ ਹੋ ਚੁੱਕੇ ਹਨ ਅਤੇ ਇਕ ਵਿਅਕਤੀ ਦੇਸ਼ ਤੋਂ ਬਾਹਰ ਜਾ ਚੁੱਕਾ ਹੈ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਹੁਣ ਤਕ ਲਗਭਗ 29.35 ਫੀ ਸਦੀ ਮਰੀਜ਼ ਸਿਹਤਮੰਦ ਹੋ ਚੁੱਕੇ ਹਨ।’’
ਵੀਰਵਾਰ ਨੂੰ ਹੋਈਆਂ 103 ਮੌਤਾਂ ’ਚੋਂ ਮਹਾਰਾਸ਼ਟਰ ’ਚ 43, ਗੁਜਰਾਤ ’ਚ 29, ਮੱਧ ਪ੍ਰਦੇਸ਼ ’ਚ ਅੱਠ, ਪਛਮੀ ਬੰਗਾਲ ’ਚ 7 ਅਤੇ ਰਾਜਸਥਾਨ ’ਚ ਪੰਜ ਲੋਕਾਂ ਦੀ ਮੌਤ ਹੋ ਗਈ। ਜਦਕਿ ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਆਂਧਰ ਪ੍ਰਦੇਸ਼ ’ਚ ਦੋ-ਦੋ ਅਤੇ ਬਿਹਾਰ, ਦਿੱਲੀ, ਕਰਨਾਟਕ, ਪੰਜਾਬ ਅਤੇ ਜੰਮੂ-ਕਸ਼ਮੀਰ ’ਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ।
File photo
ਦੇਸ਼ ਭਰ ’ਚ ਕੁਲ 1886 ਮੌਤਾਂ ’ਚੋਂ ਮਹਾਰਾਸ਼ਟਰ ’ਚ 694, ਗੁਜਰਾਤ ’ਚ 425, ਮੱਧ ਪ੍ਰਦੇਸ਼ ’ਚ 193, ਪਛਮੀ ਬੰਗਾਲ ’ਚ 151, ਰਾਜਸਥਾਨ ’ਚ 97, ਦਿੱਲੀ ’ਚ 66, ਉੱਤਰ ਪ੍ਰਦੇਸ਼ ’ਚ 62 ਅਤੇ ਆਂਧਰ ਪ੍ਰਦੇਸ਼ ’ਚ 38 ਲੋਕਾਂ ਦੀ ਮੌਤ ਹੋਈ। ਤਾਮਿਲਨਾਡੂ ’ਚ 37, ਕਰਨਾਟਕ ’ਚ 30, ਤੇਲੰਗਾਨਾ ’ਚ 29, ਪੰਜਾਬ ’ਚ 28, ਜੰਮੂ-ਕਸ਼ਮੀਰ ’ਚ 9, ਹਰਿਆਣਾ ’ਚ 7, ਬਿਹਾਰ ’ਚ ਪੰਜ ਅਤੇ ਕੇਰਲ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ।
ਸਿਹਤ ਮੰਤਰਾਲੇ ਅਨੁਸਾਰ ਕੋਰੋਨਾ ਵਾਇਰਸ ਕਰ ਕੇ ਝਾਰਖੰਡ ’ਚ ਤਿੰਨ, ਉੜੀਸਾ ਅਤੇ ਹਿਮਾਚਲ ਪ੍ਰਦੇਸ਼ ’ਚ ਦੋ-ਦੋ ਲੋਕਾਂ ਦੀ ਮੌਤ ਹੋਈ। ਮੇਘਾਲਿਆ, ਚੰਡੀਗੜ੍ਹ, ਆਸਾਮ ਅਤੇ ਉਤਰਾਖੰਡ ’ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਮੰਤਰਾਲੇ ਵਲੋਂ ਸਵੇਰੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ਅੰਦਰ ਸੱਭ ਤੋਂ ਜ਼ਿਆਦਾ ਮਹਾਰਾਸ਼ਟਰ ’ਚ 17,974 ਲੋਕ ਕੋਰੋਨਾ ਵਾਇਰਸ ਦੇ ਪੀੜਤ ਹਨ। ਇਸ ਤੋਂ ਬਾਅਦ ਗੁਜਰਾਤ ’ਚ 7012, ਦਿੱਲੀ ’ਚ 5980, ਤਾਮਿਲਨਾਡੂ ’ਚ 5409, ਰਾਜਸਥਾਨ ’ਚ 3427, ਮੱਧ ਪ੍ਰਦੇਸ਼ ’ਚ 3252 ਅਤੇ ਉੱਤਰ ਪ੍ਰਦੇਸ਼ ’ਚ 3071 ਲੋਕ ਪੀੜਤ ਹਨ। (ਪੀਟੀਆਈ)
ਦੇਸ਼ ਦੇ 216 ਜ਼ਿਲਿ੍ਹਆਂ ’ਚ ਅਜੇ ਤਕ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਨਹੀਂ
ਨਵੀਂ ਦਿੱਲੀ, 8 ਮਈ: ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਹੈ ਕਿ ਦੇਸ਼ ਦੇ ਲਗਭਗ 216 ਜ਼ਿਲਿ੍ਹਆਂ ’ਚ ਕੋਰੋਨਾ ਵਾਇਰਸ ਦੀ ਲਾਗ ਦਾ ਹੁਣ ਤਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਜਦਕਿ, 42 ਜ਼ਿਲਿ੍ਹਆਂ ’ਚ ਪਿਛਲੇ 28 ਦਿਨਾਂ ਤੋਂ ਅਤੇ 29 ਜ਼ਿਲਿ੍ਹਆਂ ’ਚ ਪਿਛਲੇ 21 ਦਿਨਾਂ ਤੋਂ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ ਹੈ।
ਮੰਤਰਾਲੇ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਇਨ੍ਹਾਂ ਦਿਨਾਂ ’ਚ ‘ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ’ ਦੀ ਜੇਕਰ ਸਖਤਾਈ ਨਾਲ ਪਾਲਣਾ ਕੀਤੀ ਗਈ ਤਾਂ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਸਿਖਰ ’ਤੇ ਪੁੱਜਣ ਤੋਂ ਰੋਕਿਆ ਜਾ ਸਕਦਾ ਹੈ। ਉਹ ਏਮਜ਼ ਹਸਪਤਾਲ ਦੇ ਮੁਖੀ ਡਾ. ਗੁਲੇਰੀਆ ਦੀ ਟਿਪਣੀ ਬਾਰੇ ਜਵਾਬ ਦੇ ਰਹੇ ਸਨ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਭਾਰਤ ’ਚ ਜੂਨ ਜਾਂ ਜੁਲਾਈ ’ਚ ਕੋਰੋਨ ਵਾਇਰਸ ਦੇ ਮਾਮਲੇ ਸਿਖਰ ’ਤੇ ਪੁੱਜ ਸਕਦੇ ਹਨ।
ਮੰਤਰਾਲੇ ਨੇ ਦਸਿਆ ਕਿ 36 ਜ਼ਿਲ੍ਹੇ ਅਜਿਹੇ ਹਨ ਜਿੱਥੇ ਪਿਛਲੇ 14 ਦਿਨਾਂ ਤੋਂ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਦਕਿ 46 ਜ਼ਿਲ੍ਹੇ ਪਿਛਲੇ 7 ਦਿਨਾਂ ਤੋਂ ਕੋਰਨਾ ਮੁਕਤ ਹਨ। (ਪੀਟੀਆਈ)