
ਜਨਰਲ ਪਾਂਡੇ ਨੇ 2021 ਵਿਚ ਕੋਰ ਦੀ ਕਮਾਂਡ ਸੰਭਾਲੀ ਸੀ, ਜਦੋਂ ਕਸ਼ਮੀਰ ਅਤਿਵਾਦ ਦੀ ਚੁਣੌਤੀ ਅਤੇ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਸੀ।
ਸ੍ਰੀਨਗਰ: ਲੈਫਟੀਨੈਂਟ ਜਨਰਲ ਅਮਰਦੀਪ ਸਿੰਘ ਔਜਲਾ ਨੇ ਸੋਮਵਾਰ ਨੂੰ ਜਨਰਲ ਦੇਵੇਂਦਰ ਪ੍ਰਤਾਪ ਪਾਂਡੇ ਦੀ ਥਾਂ ਭਾਰਤੀ ਫੌਜ ਦੀ ਰਣਨੀਤਕ ਚਿਨਾਰ ਕੋਰ ਦੇ ਜਨਰਲ ਆਫਿਸਰ ਕਮਾਂਡਿੰਗ (ਜੀਓਸੀ) ਵਜੋਂ ਅਹੁਦਾ ਸੰਭਾਲਿਆ ਹੈ। ਇਕ ਰੱਖਿਆ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਲੈਫਟੀਨੈਂਟ ਜਨਰਲ ਪਾਂਡੇ ਨੇ 2021 ਦੇ ਮਹੱਤਵਪੂਰਨ ਪੜਾਅ ਵਿਚ ਕੋਰ ਦੀ ਕਮਾਂਡ ਸੰਭਾਲੀ ਸੀ, ਜਦੋਂ ਕਸ਼ਮੀਰ ਅਤਿਵਾਦ ਦੀ ਚੁਣੌਤੀ ਅਤੇ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਸੀ।
ਬੁਲਾਰੇ ਨੇ ਕਿਹਾ, “ਪਾਂਡੇ ਦੇ ਕਾਰਜਕਾਲ ਦੌਰਾਨ, ਕੰਟਰੋਲ ਰੇਖਾ ਦੇ ਨਾਲ-ਨਾਲ ਅੰਦਰੂਨੀ ਖੇਤਰਾਂ ਵਿਚ ਵੀ ਬਿਹਤਰ ਸੁਰੱਖਿਆ ਮਾਹੌਲ ਬਣਿਆ। ਸਿਵਲ ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਦੇ ਤਾਲਮੇਲ ਨਾਲ ਕਸ਼ਮੀਰ ਵਿਚ ਆਮ ਸਥਿਤੀ ਲਿਆਉਣ ਦੇ ਉਹਨਾਂ ਦੇ ਯਤਨਾਂ ਨਾਲ ਅਤਿਵਾਦ ਦੀਆਂ ਘਟਨਾਵਾਂ ਵਿਚ ਕਮੀ ਆ ਰਹੀ ਹੈ”। ਉਹਨਾਂ ਕਿਹਾ ਕਿ ਤਕਨੀਕੀ ਖੁਫੀਆ ਜਾਣਕਾਰੀ ਅਤੇ ਕੰਟਰੋਲ ਰੇਖਾ ਦੇ ਨਾਲ ਘੁਸਪੈਠ ਵਿਰੋਧੀ ਮਜ਼ਬੂਤ ਤੰਤਰ ਕਾਰਨ ਘੁਸਪੈਠ ਦੀਆਂ ਘਟਨਾਵਾਂ ਵਿਚ ਕਾਫੀ ਕਮੀ ਆਈ ਹੈ।
Lt Gen Amardeep Singh Aujla takes over as GoC 15 Corps
ਬੁਲਾਰੇ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ ਅਤੇ ਹੋਰ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੇ ਸਹਿਯੋਗ ਨਾਲ ਇਕ ਨਿਰੰਤਰ ਆਪ੍ਰੇਸ਼ਨ ਚਲਾਇਆ ਗਿਆ, ਜਿਸ ਵਿਚ ਘੱਟ ਤੋਂ ਘੱਟ ਨੁਕਸਾਨ ਹੋਇਆ ਅਤੇ ਇਕ ਵੀ ਨਾਗਰਿਕ ਨਹੀਂ ਮਾਰਿਆ ਗਿਆ। ਆਪਣੇ ਵਿਦਾਇਗੀ ਸੰਦੇਸ਼ ਵਿਚ ਲੈਫਟੀਨੈਂਟ ਜਨਰਲ ਪਾਂਡੇ ਨੇ ਚਿਨਾਰ ਕੋਰ ਦੇ ਸਾਰੇ ਰੈਂਕਾਂ ਦੇ ਅਧਿਕਾਰੀਆਂ ਅਤੇ ਜਵਾਨਾਂ ਦੀ ਉਹਨਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਲਈ ਪ੍ਰਸ਼ੰਸਾ ਕੀਤੀ। ਉਹਨਾਂ ਨੇ ਜੰਮੂ ਅਤੇ ਕਸ਼ਮੀਰ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਲਈ ਸਾਂਝੇ ਯਤਨਾਂ ਵਿਚ ਅਣਥੱਕ ਸਹਿਯੋਗ ਲਈ ਜੰਮੂ ਕਸ਼ਮੀਰ ਪੁਲਿਸ, ਸੀਏਪੀਐਫ, ਸਿਵਲ ਪ੍ਰਸ਼ਾਸਨ ਅਤੇ ਭਾਈਚਾਰੇ ਦੇ ਮੈਂਬਰਾਂ ਦੀ ਵੀ ਸ਼ਲਾਘਾ ਕੀਤੀ।