
ਕਿਹਾ - ਸਰਕਾਰੀ ਅੰਕੜੇ ਗਵਾਹ ਹਨ ਕਿ ਪਿਛਲੇ ਸਾਲਾਂ ਵਿਚ ਪਿੰਡਾਂ ਦੇ ਨੌਜੁਆਨਾਂ ਵਿਚ ਬੇਰੁਜ਼ਗਾਰੀ ਦੀ ਦਰ ਤਿੰਨ ਗੁਣਾ ਵੱਧ ਗਈ ਹੈ
ਨਵੀਂ ਦਿੱਲੀ : ਬਹੁਜਨ ਸਮਾਜ ਪਾਰਟੀ (ਬੀਐਸਪੀ) ਦੀ ਪ੍ਰਧਾਨ ਮਾਇਆਵਤੀ ਨੇ ਵਧ ਰਹੀ ਬੇਰੁਜ਼ਗਾਰੀ ਨੂੰ ਕੌਮੀ ਸਮੱਸਿਆ ਕਰਾਰ ਦਿਤਾ ਅਤੇ ਇਸ ਲਈ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਾਇਆਵਤੀ ਨੇ ਬੇਰੁਜ਼ਗਾਰੀ 'ਤੇ ਸਰਕਾਰ ਦੇ ਅੰਕੜਿਆਂ ਦਾ ਹਵਾਲਾ ਦੇ ਕੇ ਟਵੀਟ ਕੀਤਾ ਅਤੇ ਕਿਹਾ, ''ਦੇਸ਼ ਵਿਚ ਵਧ ਰਹੀ ਬੇਰੁਜ਼ਗਾਰੀ ਕੌਮੀ ਸਮੱਸਿਆ ਹੈ। ਸਰਕਾਰੀ ਅੰਕੜੇ ਗਵਾਹ ਹਨ ਕਿ ਪਿਛਲੇ ਸਾਲਾਂ ਵਿਚ ਪਿੰਡਾਂ ਦੇ ਨੌਜੁਆਨਾਂ ਵਿਚ ਬੇਰੁਜ਼ਗਾਰੀ ਦੀ ਦਰ ਤਿੰਨ ਗੁਣਾ ਵੱਧ ਗਈ ਹੈ ਜੋ ਧਾਰਣਾ ਦੇ ਉਲਟ ਹੈ ਕਿ ਸ਼ਹਿਰਾਂ ਦੀ ਤੁਲਨਾ ਵਿਚ ਪਿੰਡਾਂ 'ਚ ਬੇਰੁਜ਼ਗਾਰੀ ਘੱਟ ਰਹੀ ਹੈ।'' ਉਨ੍ਹਾਂ ਪੁਛਿਆ, ''ਕੀ ਸਰਕਾਰੀ ਨੀਤੀਆਂ ਇਸ ਲਈ ਜ਼ਿੰਮੇਵਾਰ ਨਹੀਂ ਹਨ?''
Unemployment in India
ਜ਼ਿਕਰਯੋਗ ਹੈ ਕਿ ਦੇਸ਼ ਵਿਚ ਰੁਜ਼ਗਾਰ ਦੀ ਸਥਿਤੀ ਨੂੰ ਲੈ ਕੇ ਹਾਲ ਹੀ ਵਿਚ ਜਾਰੀ ਅੰਕੜਿਆਂ ਵਿਚ ਸ਼ਹਿਰੀ ਖੇਤਰਾਂ ਦੀ ਤੁਲਨਾ 'ਚ ਪੇਂਡੂ ਇਲਾਕਿਆਂ 'ਚ ਬੇਰੁਜ਼ਗਾਰੀ ਦੀ ਦਰ ਵਧਣ ਦੀ ਗੱਲ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਸੂਬੇ ਵਿਚ ਮਾਸੂਮ ਬੱਚੀਆਂ ਵਿਰੁਧ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ 'ਤੇ ਵੀ ਚਿੰਤਾ ਜ਼ਾਹਰ ਕੀਤੀ ਹੈ।
Mayawati
ਉਨ੍ਹਾਂ ਕਿਹਾ, ''ਉੱਤਰ ਪ੍ਰਦੇਸ਼ 'ਚ ਅਲੀਗੜ੍ਹ ਤੋਂ ਬਾਅਦ ਹੁਣ ਹਮੀਰਪੁਰ 'ਚ 5ਵੀਂ ਜਮਾਤ ਦੀ ਮਾਸੂਮ ਵਿਦਿਆਰਥਣ ਨੂੰ ਅਗ਼ਵਾ ਕਰ ਕੇ ਉਸ ਨਾਲ ਜਬਰ ਜਨਾਹ ਅਤੇ ਹਤਿਆ ਦੀ ਦਰਦਨਾਕ ਘਟਨਾ ਨੇ ਲੋਕਾਂ ਨੂੰ ਗੁੱਸੇ ਅਤੇ ਦੁੱਖ ਨਾਲ ਉਤੇਜਿਤ ਕਰ ਰਹੀ ਹੈ। ਇਨ੍ਹਾਂ ਘਟਨਾਵਾਂ ਸਬੰਧੀ ਸਮਾਜ ਅਤੇ ਸਰਕਾਰ ਨੂੰ ਹੋਰ ਜ਼ਿਆਦਾ ਸਖ਼ਤ ਅਤੇ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ।''
AN-32
ਬੀਐਸਪੀ ਪ੍ਰਧਾਨ ਨੇ ਹਵਾਈ ਫ਼ੌਜ ਦੇ ਲਾਪਤਾ ਹੋਏ ਜਹਾਜ਼ ਦਾ ਕੋਈ ਸੁਰਾਗ਼ ਨਾਲ ਮਿਲਣ 'ਤੇ ਵੀ ਚਿੰਤਾ ਪ੍ਰਗਟ ਕੀਤੀ। ਟਵੀਟ ਕਰ ਕੇ ਕਿਹਾ, ''ਭਾਰਤੀ ਹਵਾਈ ਫ਼ੌਜ ਦੇ ਏਐਨ-32 ਜਹਾਜ਼ ਅਤੇ ਉਸ ਵਿਚ ਸਵਾਰ 13 ਫ਼ੌਜੀਆਂ ਦਾ ਅਜੇ ਤਕ ਕੋਈ ਪਤਾ ਨਾ ਲੱਗਣਾ ਚਿੰਤਾ ਦਾ ਵਿਸ਼ਾ ਹੈ।''