
ਅਦਾਲਤ ’ਚੋਂ ਬਾਹਰ ਨਿਕਲਦੇ ਸਮੇਂ ‘ਆਪ’ ਆਗੂ ਜੈਨ ਦੀ ਸਿਹਤ ਵਿਗੜ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਨਵੀਂ ਦਿੱਲੀ: ਮਨੀ ਲਾਂਡਰਿੰਗ ਮਾਮਲੇ ਵਿਚ ਅਦਾਲਤ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਹਿਰਾਸਤ ਦੀ ਮਿਆਦ 5 ਦਿਨ ਹੋਰ ਵਧਾ ਦਿੱਤੀ ਗਈ ਹੈ। ਈਡੀ ਦੇ ਅਧਿਕਾਰੀਆਂ ਨੇ ਸਤੇਂਦਰ ਜੈਨ ਨੂੰ ਰਾਉਸ ਐਵੇਨਿਊ ਅਦਾਲਤ ਵਿਚ ਪੇਸ਼ ਕੀਤਾ ਅਤੇ ਪੰਜ ਦਿਨਾਂ ਦੀ ਹੋਰ ਹਿਰਾਸਤ ਦੀ ਮੰਗ ਕੀਤੀ। ਅਦਾਲਤ 'ਚ ਈਡੀ ਅਧਿਕਾਰੀ ਨੇ ਕਿਹਾ, 'ਛਾਪੇਮਾਰੀ ਦੌਰਾਨ ਅਸੀਂ ਕਈ ਚੀਜ਼ਾਂ ਬਰਾਮਦ ਕੀਤੀਆਂ, ਜਿਨ੍ਹਾਂ ਬਾਰੇ ਜੈਨ ਤੋਂ ਪੁੱਛਗਿੱਛ ਕੀਤੀ ਜਾਣੀ ਹੈ’।
Delhi Health Minister Satyendar Jain
ਇਸ ਦੌਰਾਨ ਅਦਾਲਤ ’ਚੋਂ ਬਾਹਰ ਨਿਕਲਦੇ ਸਮੇਂ ‘ਆਪ’ ਆਗੂ ਜੈਨ ਦੀ ਸਿਹਤ ਵਿਗੜ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਤੋਂ ਪਹਿਲਾਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਈਡੀ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਅਤੇ ਜੈਨ ਦੀ ਹਿਰਾਸਤ ਪੰਜ ਦਿਨਾਂ ਲਈ ਵਧਾ ਦਿੱਤੀ। ਈਡੀ ਨੇ ਹਾਲ ਹੀ 'ਚ ਜੈਨ ਖ਼ਿਲਾਫ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।
ਇਸ ਛਾਪੇਮਾਰੀ ਵਿਚ 2.85 ਕਰੋੜ ਰੁਪਏ ਨਕਦ ਅਤੇ 1.80 ਕਿਲੋ ਵਜ਼ਨ ਦੇ 133 ਸੋਨੇ ਦੇ ਸਿੱਕੇ ਬਰਾਮਦ ਕੀਤੇ ਗਏ ਹਨ। ਇਹਨਾਂ ਤੋਂ ਇਲਾਵਾ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਡਿਜੀਟਲ ਰਿਕਾਰਡ ਵੀ ਜ਼ਬਤ ਕੀਤੇ ਗਏ ਹਨ। ਈਡੀ ਨੇ ਕਿਹਾ ਸੀ ਕਿ ਜਿਨ੍ਹਾਂ ਖ਼ਿਲਾਫ਼ ਛਾਪੇਮਾਰੀ ਕੀਤੀ ਗਈ ਸੀ, ਉਹਨਾਂ ਨੇ ਮਨੀ ਲਾਂਡਰਿੰਗ ਵਿਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਮੰਤਰੀ ਦੀ ਮਦਦ ਕੀਤੀ ਸੀ।
ਏਜੰਸੀ ਨੇ ਕਿਹਾ ਕਿ ਅਸੀਂ ਰਾਮ ਅੰਕੁਸ਼ ਜੈਨ, ਵੈਭਵ ਜੈਨ, ਨਵੀਨ ਜੈਨ ਅਤੇ ਸਿਧਾਰਥ ਜੈਨ, ਲਾਲਾ ਸ਼ੇਰ ਸਿੰਘ ਜੀਵਨ ਵਿਗਿਆਨ ਟਰੱਸਟ ਦੇ ਚੇਅਰਮੈਨ ਜੀਐੱਸ ਮਠਾਰੂ, ਪ੍ਰੂਡੈਂਸ ਗਰੁੱਪ ਆਫ਼ ਸਕੂਲਜ਼ ਦੇ ਚੇਅਰਮੈਨ ਯੋਗੇਸ਼ ਕੁਮਾਰ, ਜਵੈਲਰਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਰਾਮ ਪ੍ਰਕਾਸ਼, ਅੰਕੁਸ਼ ਜੈਨ ਦੇ ਸਹੁਰੇ ਅਤੇ ਲਾਲਾ ਸ਼ੇਰ ਸਿੰਘ ਜੀਵਨ ਵਿਗਿਆਨ ਟਰੱਸਟ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਜੈਨ ਨੂੰ 30 ਮਈ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। 31 ਮਈ ਨੂੰ ਹੇਠਲੀ ਅਦਾਲਤ ਨੇ ਉਸ ਨੂੰ 9 ਜੂਨ ਤੱਕ ਈਡੀ ਦੀ ਹਿਰਾਸਤ ਵਿਚ ਭੇਜ ਦਿੱਤਾ ਸੀ।