ਤਾਜ ਮਹਿਲ ਕੰਪਲੈਕਸ ਦੀ ਮਸਜਿਦ ਵਿਚ ਜੁੰਮੇ ਦੀ ਨਮਾਜ਼ ਅਦਾ ਕਰਨ ਤੋਂ ਬਾਹਰੀ ਲੋਕਾਂ ਨੂੰ ਰੋਕਣ ਦੇ ਆਗਰਾ ਪ੍ਰਸ਼ਾਸਨ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ...
ਨਵੀਂ ਦਿੱਲੀ : ਤਾਜ ਮਹਿਲ ਕੰਪਲੈਕਸ ਦੀ ਮਸਜਿਦ ਵਿਚ ਜੁੰਮੇ ਦੀ ਨਮਾਜ਼ ਅਦਾ ਕਰਨ ਤੋਂ ਬਾਹਰੀ ਲੋਕਾਂ ਨੂੰ ਰੋਕਣ ਦੇ ਆਗਰਾ ਪ੍ਰਸ਼ਾਸਨ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿਤੀ ਹੈ। ਅਦਾਲਤ ਨੇ ਕਿਹਾ ਕਿ ਤਾਜ ਮਹਿਲ ਦੁਨੀਆ ਦੇ ਸੱਤ ਅਜ਼ੂਬਿਆਂ ਵਿਚੋਂ ਇਕ ਹੈ। ਲੋਕ ਦੂਜੀਆਂ ਮਸਜਿਦਾਂ ਵਿਚ ਵੀ ਨਮਾਜ਼ ਅਦਾ ਕਰ ਸਕਦੇ ਹਨ। ਦਰਅਸਲ ਤਾਜ ਮਹਿਲ ਦੇ ਅੰਦਰ ਬਣੀ ਮਸਜਿਦ ਵਿਚ ਹਰ ਸ਼ੁਕਰਵਾਰ ਨੂੰ ਜੁੰਮੇ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ, ਜਿਸ ਵਿਚ ਸਥਾਨਕ ਲੋਕ ਹਿੱਸਾ ਲੈਂਦੇ ਹਨ ਪਰ ਸਥਾਨਕ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਕੁੱਝ ਬਾਹਰੀ ਲੋਕ ਵੀ ਇਸ ਵਿਚ ਸ਼ਾਮਲ ਹੋ ਰਹੇ ਹਨ।
ਇਸ ਨੂੰ ਪ੍ਰਸ਼ਾਸਨ ਨੇ ਸੁਰੱਖਿਆ ਨੂੰ ਲੈ ਕੇ ਵੱਡਾ ਖ਼ਤਰਾ ਮੰਨਿਆ ਅਤੇ ਸਥਾਨਕ ਲੋਕਾਂ ਨੂੰ ਹੀ ਪਛਾਣ ਪੱਤਰ ਦੇ ਆਧਾਰ 'ਤੇ ਅੰਦਰ ਜਾਣ ਦੇਣ ਦੀ ਇਜਾਜ਼ਤ ਦੇਣ ਦਾ ਨਿਯਮ ਬਣਾ ਦਿਤਾ। ਆਗਰਾ ਪ੍ਰਸ਼ਾਸਨ ਵਲੋਂ ਕੀਤੇ ਗਏ ਫ਼ੈਸਲੇ ਦੇ ਵਿਰੁਧ ਅਦਾਲਤ ਵਿਚ ਚੁਣੌਤੀ ਗਈ ਅਤੇ ਕਿਹਾ ਗਿਆ ਹੈ ਕਿ ਮਸਜਿਦ ਵਿਚ ਸਾਰੇ ਮੁਸਲਮਾਨਾਂ ਨੂੰ ਨਮਾਜ਼ ਅਦਾ ਕਰਨ ਦਾ ਅਧਿਕਾਰ ਹੈ। ਇਸ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸਾਰਿਆਂ ਨੂੰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ ਹੈ। ਅਦਾਲਤ ਨੇ ਅਰਜ਼ੀ ਖ਼ਾਰਜ ਕਰਦੇ ਹੋਏ ਕਿਹਾ ਕਿ ਤਾਜ ਮਹਿਲ ਦੁਨੀਆ ਦੇ ਸੱਤ ਅਜ਼ੂਬਿਆਂ ਵਿਚੋਂ ਇਕ ਹੈ।
ਇਸ ਦੀ ਸੁਰੱਖਿਆ ਨੂੰ ਯਕੀਨਂ ਬਣਾਉਣ ਲਈ ਇੱਥੇ ਬਾਹਰੀ ਲੋਕਾਂ ਦਾ ਦਾਖ਼ਲਾ ਖ਼ਤਰਾ ਹੋ ਸਕਦਾ ਹੈ। ਅਦਾਲਤ ਨੇ ਕਿਹਾ ਕਿ ਲੋਕ ਤਾਂ ਹੋਰ ਦੂਜੀਆਂ ਮਸਜਿਦਾਂ ਵਿਚ ਵੀ ਨਮਾਜ਼ ਅਦਾ ਕਰ ਸਕਦੇ ਹਨ। ਉਧਰ ਮੁਸਲਮਾਨਾਂ ਵਿਚ ਇਸ ਰੋਕ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਸਜਿਦ ਕੋਈ ਵੀ ਹੋਵੇ, ਪ੍ਰਸ਼ਾਸਨ ਵਲੋਂ ਇਸ ਤਰ੍ਹਾਂ ਦੀ ਰੋਕ ਲਗਾਉਣੀ ਠੀਕ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਰੋਕ ਲਗਾਉਣ ਦੀ ਬਜਾਏ ਸੁਰੱਖਿਆ ਚੌਕਸੀ ਵਧਾਉਣੀ ਚਾਹੀਦੀ ਹੈ। ਜ਼ਾਹਿਰ ਹੈ ਕਿ ਪ੍ਰਸ਼ਾਸਨ ਖ਼ੁਦ ਤਾਂ ਸੁਰੱਖਿਆ ਕਰਨ ਤੋਂ ਭੱਜ ਰਿਹਾ ਹੈ, ਅਜਿਹੀ ਰੋਕ ਲਗਾ ਕੇ ਸੁਰੱਖਿਆ ਦੇ ਦਾਅਵੇ ਕਰ ਰਿਹਾ ਹੈ।