
ITBP, CRPF, BSF, NDRF ਅਤੇ SDRF ਵੱਲੋਂ ਬਚਾਅ ਕਾਰਜ ਜਾਰੀ
ਸ੍ਰੀਨਗਰ: ਜੰਮੂ-ਕਸ਼ਮੀਰ 'ਚ ਅਮਰਨਾਥ ਗੁਫਾ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਬੱਦਲ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਭਾਰੀ ਹੜ੍ਹ ਵਿਚ ਕਈ ਸ਼ਰਧਾਲੂ ਰੁੜ੍ਹ ਗਏ। ਹੁਣ ਤੱਕ 15 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। 45 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜਦਕਿ 40 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਦੀ ਭਾਲ ਲਈ ਬਚਾਅ ਮੁਹਿੰਮ ਜਾਰੀ ਹੈ।
ITBP ਅਤੇ NDRF ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਹਨ। ਰਾਹਤ ਅਤੇ ਬਚਾਅ ਕਾਰਜ ਦੇਰ ਰਾਤ ਤੱਕ ਜਾਰੀ ਰਹੇ। ਸ਼ਨੀਵਾਰ ਸਵੇਰ ਤੋਂ ਇਕ ਵਾਰ ਫਿਰ ਤੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ। ਬਚਾਅ ਮੁਹਿੰਮ ਦੇ ਹਿੱਸੇ ਵਜੋਂ ਅੱਜ ਸਵੇਰੇ 6 ਸ਼ਰਧਾਲੂਆਂ ਨੂੰ ਬਾਹਰ ਕੱਢਿਆ ਗਿਆ। ਨੀਲਾਗਰ ਹੈਲੀਪੈਡ 'ਤੇ ਮੈਡੀਕਲ ਟੀਮਾਂ ਮੌਜੂਦ ਹਨ। ਪਹਾੜੀ ਬਚਾਅ ਦਲ ਅਤੇ ਹੋਰ ਟੀਮਾਂ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ।
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਲਗਾਤਾਰ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਉਹਨਾਂ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਰਾਹਤ ਅਤੇ ਬਚਾਅ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। LG ਵੱਲੋਂ ਦੱਸਿਆ ਗਿਆ ਹੈ ਕਿ CRPF, NDRF, SDRF, BSF, ਫੌਜ, ਸਥਾਨਕ ਪੁਲਿਸ ਅਤੇ ਸ਼ਰਾਈਨ ਬੋਰਡ ਵੱਲੋਂ ਬਚਾਅ ਕਾਰਜ ਜਾਰੀ ਹੈ। ਜ਼ਖਮੀਆਂ ਨੂੰ ਬਚਾਉਣ ਲਈ ALH ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਲੋਕਾਂ ਦੀ ਜਾਨ ਬਚਾਉਣਾ ਸਾਡੀ ਪਹਿਲ ਹੈ।
ਸ਼ਰਧਾਲੂਆਂ ਨੂੰ ਹਰ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਸੀਐਮਓ ਗਾਂਦਰਬਲ ਡਾਕਟਰ ਅਫਰੋਜ਼ਾ ਸ਼ਾਹ ਨੇ ਦੱਸਿਆ ਕਿ ਫਿਲਹਾਲ ਸਾਰੇ ਜ਼ਖਮੀਆਂ ਦਾ ਇਲਾਜ ਤਿੰਨੋਂ ਬੇਸ ਹਸਪਤਾਲਾਂ ਵਿਚ ਚੱਲ ਰਿਹਾ ਹੈ। ਜ਼ਖਮੀਆਂ ਦੇ ਬਿਹਤਰ ਇਲਾਜ ਲਈ ਪ੍ਰਬੰਧ ਕੀਤੇ ਗਏ ਹਨ।