
ਮਨੋਜ ਤਿਵਾੜੀ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ। ਦੱਸ ਦਈਏ ਕਿ 2 ਅਗਸਤ ਨੂੰ ਗ੍ਰਹਿ ਮੰਤਰੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਸੀ, ਇਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਵਿਡ ਰਿਪੋਰਟ ਨੈਗੇਟਿਵ ਆਈ ਹੈ।
Home Minister Amit Shah tests negative for #COVID19, announces BJP MP Manoj Tiwari in a tweet. pic.twitter.com/4RYqe3GgmN
— ANI (@ANI) August 9, 2020
ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ 2 ਅਗਸਤ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਸੀ। ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਟਵੀਟ ਕਰ ਕੇ ਦਿੱਤੀ ਸੀ। ਗ੍ਰਹਿ ਮੰਤਰੀ ਨੇ ਟਵੀਟ ਕੀਤਾ ਸੀ ਕਿ ਉਹਨਾਂ ਨੇ ਕੋਰੋਨਾ ਦੇ ਸ਼ੁਰੂਆਤੀ ਲੱਛਣ ਦਿਖਣ ਤੋਂ ਬਾਅਦ ਜਾਂਚ ਕਰਵਾਈ ਸੀ, ਜਿਸ ਵਿਚ ਉਹ ਕੋਵਿਡ-19 ਪਾਜ਼ੇਟਿਵ ਪਾਏ ਗਏ ਸੀ।
Amit Shah
ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਸਿਹਤ ਠੀਕ ਹੈ ਪਰ ਉਹ ਡਾਕਟਰਾਂ ਦੀ ਸਲਾਹ ‘ਤੇ ਹਸਪਤਾਲ ਵਿਚ ਭਰਤੀ ਹੋ ਰਹੇ ਹਨ। ਗ੍ਰਹਿ ਮੰਤਰੀ ਨੇ ਹਾਲ ਹੀ ਵਿਚ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਜਾਂਚ ਕਰਵਾਉਣ ਲਈ ਕਿਹਾ ਸੀ।
Covid 19
ਦੇਸ਼ ਵਿਚ 21 ਲੱਖ 53 ਹਜ਼ਾਰ ਲੋਕ ਕੋਰੋਨਾ ਪੀੜਤ
ਭਾਰਤ ਵਿਚ ਰਿਕਾਰਡ ਪੱਧਰ ‘ਤੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਦੇਸ਼ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 21 ਲੱਖ ਤੋਂ ਪਾਰ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਤੱਕ 21 ਲੱਖ 53 ਹਜ਼ਾਰ 11 ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ। ਇਹਨਾਂ ਵਿਚੋਂ 43,379 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 14 ਲੱਖ 80 ਹਜ਼ਾਰ 884 ਲੋਕ ਠੀਕ ਵੀ ਹੋਏ ਹਨ।
Covid 19
ਦੁਨੀਆਂ ਭਰ ਵਿਚ ਕੋਰੋਨਾ ਦਾ ਅੰਕੜਾ
ਦੁਨੀਆ ਭਰ ਵਿਚ ਬੀਤੇ ਦਿਨ 2.61 ਲੱਖ ਨਵੇਂ ਮਾਮਲੇ ਸਾਹਮਣੇ ਆਏ, ਜਦਕਿ 5604 ਲੋਕਾਂ ਦੀ ਮੌਤ ਹੋਈ ਹੈ। ਹੁਣ ਤੱਕ 1.97 ਕਰੋੜ ਤੋਂ ਜ਼ਿਆਦਾ ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ 7.28 ਲੱਖ ਲੋਕ ਅਪਣੀ ਜਾਨ ਗਵਾ ਚੁੱਕੇ ਹਨ। ਉੱਥੇ ਹੀ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਇਕ ਕਰੋੜ 72 ਲੱਖ ਤੋਂ ਪਾਰ ਪਹੁੰਚ ਗਿਆ ਹੈ। ਦੁਨੀਆ ਭਰ ਵਿਚ ਹਾਲੇ ਵੀ 63 ਲੱਖ 51 ਹਜ਼ਾਰ ਤੋਂ ਜ਼ਿਆਦਾ ਐਕਟਿਵ ਕੇਸ ਹਨ।