
ਰਾਜ ਸਭਾ ਦੇ ਚੇਅਰਮੈਨ ਦੇ ਰੂਪ ’ਚ ਮੈਂ ਬਹੁਤ ਦੁਖੀ ਹਾਂ : ਧਨਖੜ
ਨਵੀਂ ਦਿੱਲੀ: ਰਾਜ ਸਭਾ ’ਚ ਆਮ ਆਦਮੀ ਪਾਰਟੀ (ਆਪ) ਦੇ ਇਕ ਸੰਸਦ ਮੈਂਬਰ ਬੁਧਵਾਰ ਨੂੰ ਟਮਾਟਰਾਂ ਦੀਆਂ ਵਧਦੀਆਂ ਕੀਮਤਾਂ ’ਤੇ ਵਿਰੋਧ ਪ੍ਰਗਟਾਉਂਦੇ ਹੋਏ ਇਸ ਦੀ ਮਾਲਾ ਪਾ ਕੇ ਉੱਚ ਸਦਨ ’ਚ ਆਏ। ਚੇਅਰਮੈਨ ਜਗਦੀਪ ਧਨਖੜ ਨੇ ‘ਆਪ’ ਮੈਂਬਰ ਦੇ ਇਸ ਆਚਰਣ ’ਤੇ ਇਤਰਾਜ਼ ਪ੍ਰਗਟਾਇਆ ਅਤੇ ਦੁੱਖ ਵੀ ਪ੍ਰਗਟ ਕੀਤਾ।
ਇਹ ਵੀ ਪੜ੍ਹੋ : ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਦਾ ਦਾਅਵਾ : ‘ਭਾਰਤ ਛੱਡੋ ਦਿਵਸ’ ਮਨਾਉਣ ਜਾਂਦੇ ਸਮੇਂ ਮੈਨੂੰ ਹਿਰਾਸਤ ’ਚ ਲਿਆ ਗਿਆ
‘ਆਪ’ ਦੇ ਮੈਂਬਰ ਸੁਸ਼ੀਲ ਗੁਪਤਾ ਬੁਧਵਾਰ ਨੂੰ ਸਵੇਰੇ ਟਮਾਟਰਾਂ ਦੀ ਮਾਲਾ ਪਾ ਕੇ ਸੰਸਦ ਪੁੱਜੇ ਅਤੇ ਉਥੇ ਮਾਲਾ ਪਾ ਕੇ ਉਹ ਸਦਨ ’ਚ ਵੀ ਬੈਠੇ। ਚੇਅਰਮੈਨ ਧਨਖੜ ਨੇ ਇਸ ’ਤੇ ਨਾਰਾਜ਼ਗੀ ਪ੍ਰਗਟਾਈ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਇਸ ਦੌਰਾਨ ਸਦਨ ’ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੂੰ ਮੁੰਬਈ ’ਚ ਹਿਰਾਸਤ ’ਚ ਲਏ ਜਾਣ ’ਤੇ ਹੰਗਾਮਾ ਹੋ ਰਿਹਾ ਸੀ।
ਸਦਨ ਦੀ ਕਾਰਵਾਈ ਮੁਲਤਵੀ ਕਰਨ ਤੋਂ ਪਹਿਲਾਂ ਧਨਖੜ ਨੇ ਕਿਹਾ, ‘‘ਹੱਦ ਹੋ ਗਈ... ਅਸੀਂ ਅਪਣੇ ਰਵੱਈਏ ’ਚ ਤਾਂ ਸੁਧਾਰ ਕਰ ਸਕਦੇ ਹਾਂ। ਰਾਜ ਸਭਾ ਦੇ ਚੇਅਰਮੈਨ ਦੇ ਰੂਪ ’ਚ ਮੈਂ ਬਹੁਤ ਦੁਖੀ ਹਾਂ।’’ ਸਦਨ ’ਚ ਦਖ਼ਲ ਹੋਣ ਤੋਂ ਪਹਿਲਾਂ ਗੁਪਤਾ ਨੇ ਕਿਹਾ, ‘‘ਹੁਣ ਟਮਾਟਰ ਖਾਣ ਲਈ ਨਹੀਂ ਰਹੇ, ਹੁਣ ਇਹ ਗਹਿਣੇ ਬਣ ਚੁੱਕੇ ਹਨ। 250 ਰੁਪਏ ਕਿੱਲੋ ਟਮਾਟਰ ਦੀ ਕੀਮਤ ਹੋ ਗਈ ਹੈ, 350 ਰੁਪਏ ਕਿੱਲੋ ਅਦਰਕ ਦੀ ਕੀਮਤ ਹੋ ਗਈ ਹੈ।’’ ਉਨ੍ਹਾਂ ਕਿਹਾ ਕਿ ਮਹਿੰਗਾਈ ਇਕ ਵੱਡਾ ਮੁੱਦਾ ਹੈ ਪਰ ਸਰਕਾਰ ਇਸ ਵਿਸ਼ੇ ’ਤੇ ਚਰਚਾ ਲਈ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ : ਲੋਹੇ ਦਾ ਗੇਟ ਉਪਰ ਡਿੱਗਣ ਕਾਰਨ 7ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
ਗੁਪਤਾ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਹਿੰਦੁਸਤਾਨ ਨੂੰ ਜਾਤ ਅਤੇ ਧਰਮ ਦੇ ਆਧਾਰ ’ਤੇ ਵੰਡ ਦਿਤਾ ਹੈ ਅਤੇ ਇਨ੍ਹਾਂ ਦੇ ਨਾਂ ’ਤੇ ਵੋਟ ਲੈਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ, ‘‘ਪੂਰਾ ਮਨੀਪੁਰ ਸਾੜ ਦਿਤਾ, ਪੂਰਾ ਹਰਿਆਣਾ ਸਾੜ ਦਿਤਾ ਅਤੇ ਮਹਿੰਗਾਈ ਨਾਲ ਪੂਰਾ ਦੇਸ਼ ਝੁਲਸ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਮੁੱਦੇ ’ਤੇ ਸਦਨ ਦਾ ਧਿਆਨ ਜਾਵੇ ਅਤੇ ਸਰਕਾਰ ਮਹਿੰਗਾਈ ’ਤੇ ਲਗਾਮ ਲਾਵੇ।’’