
ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਦੋ ਭਰਾਵਾਂ ਨੂੰ ਕਿਸੇ ਹੋਰ ਪੰਚਾਇਤ ਦੇ ਇਲਾਕੇ ਵਿਚ ਅਪਣਾ ਪਾਲਤੂ ਬਲਦ ਅਵਾਰਾ ਛੱਡਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ...
ਧਰਮਸ਼ਾਲਾ : ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਦੋ ਭਰਾਵਾਂ ਨੂੰ ਕਿਸੇ ਹੋਰ ਪੰਚਾਇਤ ਦੇ ਇਲਾਕੇ ਵਿਚ ਅਪਣਾ ਪਾਲਤੂ ਬਲਦ ਅਵਾਰਾ ਛੱਡਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਪੰਚਾਇਤ ਨੇ ਉਨ੍ਹਾਂ ਨੂੰ ਅਪਣੇ ਕੋਲ ਦੋ ਹੋਰ ਬਲਦ ਰੱਖਣ ਦੀ ਸਜ਼ਾ ਸੁਣਾ ਦਿਤੀ। ਜਿਸ ਕਰਕੇ ਉਸ ਨੂੰ ਹੁਣ ਉਨ੍ਹਾਂ ਨੂੰ ਤਿੰਨ ਹੋਰ ਬਲਦ ਇਕੱਠੇ ਪਾਲਣੇ ਪੈ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਜਵਾਲਾਮੁਖੀ ਸਬ-ਡਿਵੀਜ਼ਨ ਦੇ ਪਿੰਡ ਗੁੰਮਾਰ ਦੀ ਪੰਚਾਇਤ ਦੇ ਇਸ ਫ਼ੈਸਲੇ ਦੀ ਸ਼ਲਾਘਾ ਵੀ ਹੋ ਰਹੀ ਹੈ।
Bull
ਜਿਨ੍ਹਾਂ ਦੋ ਭਰਾਵਾਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਦੀ ਪਛਾਣ ਬਾਬੂ ਰਾਮ ਤੇ ਛੁੰਕੂ ਰਾਮ ਵਾਸੀ ਪਿੰਡ ਬੋਹਾਨ ਵਜੋਂ ਹੋਈ ਹੈ। ਉਨ੍ਹਾਂ ਕਥਿਤ ਤੌਰ 'ਤੇ ਰਾਤ ਦੇ ਸਮੇਂ ਅਪਣਾ ਬਲਦ ਲਗਲੀ ਗੁੰਮਾਰ ਪੰਚਾਇਤ ਦੇ ਇਲਾਕੇ ਵਿਚ ਛੱਡ ਦਿਤਾ ਸੀ ਪਰ ਉਥੋਂ ਦੀ ਪੰਚਾਇਤ ਛੇਤੀ ਹੀ ਉਸ ਦੇ ਮਾਲਕਾਂ ਤਕ ਪੁੱਜ ਗਈ ਕਿਉਂਕਿ ਬਲਦ ਦੇ ਕੰਨ 'ਤੇ ਟੈਗ ਨੰਬਰ ਲੱਗਾ ਹੋਇਆ ਸੀ। ਫਿਰ ਮੁਲਜ਼ਮ ਭਰਾਵਾਂ ਨੂੰ ਪੰਚਾਇਤ ਵਿਚ ਪੇਸ਼ੀ ਲਈ ਸੱਦਿਆ ਗਿਆ। ਉਨ੍ਹਾਂ ਨੂੰ ਮੌਕੇ 'ਤੇ ਹੀ ਸਜ਼ਾ ਸੁਣਾ ਦਿਤੀ ਗਈ ਤੇ ਨਾਲ ਦੋ ਬਲਦ 'ਤੋਹਫ਼ੇ' ਜਾਂ ਸਜ਼ਾ ਵਜੋਂ ਦੇ ਦਿਤੇ ਗਏ ਕਿ ਉਹ ਅੱਜ ਤੋਂ ਇਨ੍ਹਾਂ ਬਲਦਾਂ ਦਾ ਵੀ ਪਾਲਣ ਪੋਸ਼ਣ ਕਰਨਗੇ।
Cow
ਇਸ ਦੇ ਨਾਲ ਹੀ ਉਨ੍ਹਾਂ ਤੋਂ ਲਿਖਤੀ ਮੁਆਫ਼ੀ ਮੰਗਵਾਈ ਗਈ ਤੇ ਚਿਤਾਵਨੀ ਵੱਖਰੀ ਦਿਤੀ ਗਈ। ਗੁੰਮਾਰ ਪੰਚਾਇਤ ਦੇ ਸਰਪੰਚ ਰਾਮਲੋਕ ਧਨੋਟੀਆ ਨੇ ਆਖਿਆ ਕਿ ਜਦੋਂ ਜਾਨਵਰ ਅਪਣੀ ਉਮਰ ਪੁਗਾ ਕੇ ਬੁੱਢੇ ਹੋ ਜਾਂਦੇ ਹਨ, ਉਨ੍ਹਾਂ ਤੋਂ ਪੂਰਾ ਕੰਮ ਲੈ ਲਿਆ ਜਾਂਦਾ ਹੈ ਅਤੇ ਉਹ ਨਕਾਰੇ ਜਾਂ ਬੁੱਢੇ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਰਨ ਲਈ ਖੁੱਲ੍ਹੇ ਛੱਡ ਦਿਤਾ ਜਾਂਦਾ ਹੈ। ਅਜਿਹੇ ਲੋਕਾਂ ਲਈ ਇਹ ਸਜ਼ਾ ਇਕ ਸਬਕ ਹੋਵੇਗੀ।
ਸਰਪੰਚ ਧਨੋਟੀਆ ਨੇ ਦਸਿਆ ਕਿ ਦੋਵੇਂ ਭਰਾਵਾਂ ਨੂੰ ਇਹ ਚਿਤਾਵਨੀ ਵੀ ਦਿਤੀ ਗਈ ਹੈ ਕਿ ਪੰਚਾਇਤ ਮੈਂਬਰ ਕਿਸੇ ਵੇਲੇ ਵੀ ਉਨ੍ਹਾਂ ਦੇ ਘਰ ਜਾ ਕੇ ਅਚਾਨਕ ਚੈਕਿੰਗ ਵੀ ਕਰ ਸਕਦੇ ਹਨ ਅਤੇ ਜੇ ਕੋਈ ਜਾਨਵਰ ਗ਼ਾਇਬ ਪਾਇਆ ਗਿਆ ਤਾਂ ਉਨ੍ਹਾਂ ਨੂੰ ਹੋਰ ਭਾਰੀ ਜੁਰਮਾਨਾ ਕਰਨ ਦੇ ਨਾਲ-ਨਾਲ ਹੋਰ ਵੀ ਸਖ਼ਤ ਸਜ਼ਾ ਸੁਣਾਈ ਜਾਵੇਗੀ। ਪੰਚਾਇਤ ਦੇ ਇਸ ਫ਼ੈਸਲੇ ਦੀ ਇਲਾਕੇ ਭਰ ਵਿਚ ਕਾਫ਼ੀ ਚਰਚਾ ਹੋ ਰਹੀ ਹੈ।