
ਗੁਜਰਾਤ ਵਿਚ ਇਕ ਬੱਚੀ ਨਾਲ ਬਲਾਤਕਾਰ ਮਗਰੋਂ ਹਿੰਦੀਭਾਸ਼ੀ ਲੋਕਾਂ 'ਤੇ ਹਮਲਿਆਂ ਦੀਆਂ ਕਈ ਘਟਨਾਵਾਂ ਮਗਰੋਂ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਲੋਕਾਂ ਨੂੰ ਸ਼ਾਂਤੀ ਕਾਇਮ.......
ਅਹਿਮਦਾਬਾਦ : ਗੁਜਰਾਤ ਵਿਚ ਇਕ ਬੱਚੀ ਨਾਲ ਬਲਾਤਕਾਰ ਮਗਰੋਂ ਹਿੰਦੀਭਾਸ਼ੀ ਲੋਕਾਂ 'ਤੇ ਹਮਲਿਆਂ ਦੀਆਂ ਕਈ ਘਟਨਾਵਾਂ ਮਗਰੋਂ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਲੋਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ। ਉਧਰ, ਕਿਸੇ ਜਥੇਬੰਦੀ ਨੇ ਦਾਅਵਾ ਕੀਤਾ ਕਿ ਹਮਲਿਆਂ ਮਗਰੋਂ 20 ਹਜ਼ਾਰ ਤੋਂ ਜ਼ਿਆਦਾ ਪ੍ਰਵਾਸੀ ਰਾਜ ਤੋਂ ਬਾਹਰ ਚਲੇ ਗਏ ਹਨ। ਰੁਪਾਣੀ ਨੇ ਦਾਅਵਾ ਕੀਤਾ ਕਿ ਪਿਛਲੇ 48 ਘੰਟਿਆਂ ਵਿਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਸੂਬੇ ਦੇ ਗ੍ਰਹਿ ਮੰਤਰੀ ਪ੍ਰਦੀਪ ਸਿੰਘ ਜਡੇਜਾ ਨੇ ਕਿਹਾ ਕਿ ਪ੍ਰਵਾਸੀਆਂ ਦੀ ਸੁਰੱਖਿਆ ਲਈ ਉਦਯੋਗਿਕ ਖੇਤਰਾਂ ਵਿਚ ਵਾਧੂ ਬਲ ਤੈਨਾਤ ਕੀਤੇ ਗਏ ਹਨ।
ਪੁਲਿਸ ਨੇ ਦਸਿਆ ਸੀ ਕਿ 28 ਸਤੰਬਰ ਨੂੰ ਸਾਬਰਕਾਂਠਾ ਜ਼ਿਲ੍ਹੇ ਵਿਚ 14 ਮਹੀਨੇ ਦੀ ਬੱਚੀ ਨਾਲ ਕਥਿਤ ਬਲਾਤਕਾਰ ਮਗਰੋਂ ਛੇ ਜ਼ਿਲ੍ਹਿਆਂ ਵਿਚ ਹਿੰਦੀਭਾਸ਼ੀ ਲੋਕਾਂ 'ਤੇ ਹਮਲਿਆਂ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਸਰਕਾਰ ਨੇ ਕਿਹਾ ਕਿ ਹਿੰਸਾ ਦੀਆਂ ਘਟਨਾਵਾਂ ਦੇ ਸਿਲਸਿਲੇ ਵਿਚ 400 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਲਾਤਕਾਰ ਦੇ ਮਾਮਲੇ ਵਿਚ ਬਿਹਾਰ ਦੇ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਹਿੰਸਾ ਦੀ ਸ਼ੁਰੂਆਤ ਹੋਈ ਸੀ।
ਉੱਤਰ ਭਾਰਤੀ ਵਿਕਾਸ ਪਰਿਸ਼ਦ ਦੇ ਪ੍ਰਧਾਨ ਮਹਿੰਦਰ ਸਿੰਘ ਕੁਸ਼ਵਾਹਾ ਨੇ ਦਾਅਵਾ ਕੀਤਾ ਕਿ ਮੌਜੂਦਾ ਹਾਲਾਤ ਨੂੰ ਵੇਖਦਿਆਂ ਯੂਪੀ, ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਕਰੀਬ 20 ਹਜ਼ਾਰ ਲੋਕ ਗੁਜਰਾਤ ਤੋਂ ਬਾਹਰ ਚਲੇ ਗਏ ਹਨ। ਰੁਪਾਣੀ ਨੇ ਕਿਹਾ ਕਿ ਪੁਲਿਸ ਨੇ ਹਾਲਾਤ 'ਤੇ ਕਾਬੂ ਪਾ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਯਤਨਾਂ ਸਦਕਾ ਹਾਲਾਤ ਕੰਟਰੋਲ ਹੇਠ ਹੈ ਅਤੇ ਪਿਛਲੇ 48 ਘੰਟਿਆਂ ਅੰਦਰ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਜਡੇਜਾ ਨੇ ਕਿਹਾ ਕਿ ਹਿੰਸਾ ਦੀਆਂ ਘਟਨਾਵਾਂ ਦੇ ਸਿਲਸਿਲੇ ਵਿਚ 431 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 56 ਪਰਚੇ ਦਰਜ ਕੀਤੇ ਗਏ ਹਨ। ਕਾਂਗਰਸ ਦਾ ਨਾਮ ਲਏ ਬਿਨਾਂ ਜਡੇਜਾ ਨੇ ਕਿਹਾ ਕਿ ਇਹ ਪਤਾ ਲਾਉਣ ਲਈ ਯਤਨ ਕੀਤੇ ਜਾ ਰਹੇ ਹਨ ਕਿ ਕੀ ਇਹ ਉਨ੍ਹਾਂ ਲੋਕਾਂ ਦੀ ਸਾਜ਼ਸ਼ ਹੈ ਜਿਹੜੇ 22 ਸਾਲ ਤੋਂ ਗੁਜਰਾਤ ਦੀ ਸੱਤਾ ਤੋਂ ਬਾਹਰ ਹਨ। (ਏਜੰਸੀ)