
ਬੰਗਾਲ ਦੀ ਖਾੜੀ 'ਚ ਬਣਿਆ ਘੱਟ ਦਬਾਅ ਵਾਲਾ ਖੇਤਰ, ਕੱਲ੍ਹ ਤੋਂ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ
ਸੂਬੇ ਦੇ ਸਕੂਲ ਕਾਲਜ ਬੰਦ,ਘਰਾਂ ਵਿਚ ਭਰਿਆ ਪਾਣੀ
ਤਾਮਿਲਨਾਡੂ : ਚੇਨਈ ਸਮੇਤ ਪੂਰੇ ਤਾਮਿਲਨਾਡੂ 'ਚ ਭਾਰੀ ਬਾਰਿਸ਼ ਕਾਰਨ ਹਾਲਾਤ ਖ਼ਰਾਬ ਹੋ ਗਏ ਹਨ। ਸੜਕਾਂ ਤੋਂ ਲੈ ਕੇ ਲੋਕਾਂ ਦੇ ਘਰਾਂ ਤੱਕ ਪਾਣੀ ਭਰ ਗਿਆ ਹੈ। ਹੁਣ ਇੱਕ ਹੋਰ ਹੈਰਾਨ ਕਰ ਦੇਣ ਵਾਲੀ ਖ਼ਬਰ ਆਈ ਹੈ। ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ ਅਗਲੇ 24 ਘੰਟਿਆਂ ਵਿਚ ਇੱਕ ਚੱਕਰਵਾਤੀ ਤੂਫ਼ਾਨ ਦੇ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਤੱਕ ਪਹੁੰਚਣ ਦੀ ਸੰਭਾਵਨਾ ਹੈ। ਆਈਐਮਡੀ ਦੇ ਅਨੁਸਾਰ, ਬੰਗਾਲ ਦੀ ਖਾੜੀ ਦੇ ਦੱਖਣ-ਪੂਰਬ ਵਿਚ ਬਣਿਆ ਘੱਟ ਦਬਾਅ ਦਾ ਖੇਤਰ ਅਗਲੇ 24 ਘੰਟਿਆਂ ਵਿਚ ਡੂੰਘੇ ਦਬਾਅ ਵਿਚ ਬਦਲਣ ਦੀ ਸੰਭਾਵਨਾ ਹੈ।
cyclone
ਮੌਸਮ ਵਿਭਾਗ ਵਲੋਂ ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਨਕਸ਼ੇ 'ਚ ਤਾਮਿਲਨਾਡੂ 'ਤੇ ਸੰਘਣੇ ਬੱਦਲ ਦਿਖਾਈ ਦੇ ਰਹੇ ਹਨ। ਬੰਗਾਲ ਦੀ ਖਾੜੀ ਤੋਂ ਉੱਠੇ ਚੱਕਰਵਾਤ ਦੇ ਪ੍ਰਭਾਵ ਕਾਰਨ ਮੱਧ ਤਾਮਿਲਨਾਡੂ ਅਤੇ ਸੂਬੇ ਦੇ ਤੱਟਵਰਤੀ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਆ ਸਕਦੀਆਂ ਹਨ। ਇਸ ਦੇ ਪ੍ਰਭਾਵ ਕਾਰਨ 10 ਤੋਂ 13 ਨਵੰਬਰ ਦਰਮਿਆਨ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੇ ਦੱਖਣੀ ਤੱਟਵਰਤੀ ਇਲਾਕਿਆਂ 'ਚ ਵੀ ਭਾਰੀ ਬਾਰਿਸ਼ ਹੋ ਸਕਦੀ ਹੈ। ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ 'ਚ ਬਾਰਿਸ਼ ਕਾਰਨ ਸਥਿਤੀ ਪਹਿਲਾਂ ਹੀ ਖ਼ਰਾਬ ਹੈ, ਅਜਿਹੇ 'ਚ ਚੱਕਰਵਾਤ ਦੀ ਚਿਤਾਵਨੀ ਚਿੰਤਾ ਨੂੰ ਵਧਾਉਣ ਵਾਲੀ ਹੈ।
ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਨਾਲ-ਨਾਲ ਮਦੁਰਾਈ ਅਤੇ ਰਾਮੇਸ਼ਵਰਮ 'ਚ ਵੀ ਹੜ੍ਹ ਦੀ ਸਥਿਤੀ ਬਣ ਗਈ ਹੈ। ਸੜਕਾਂ ਪਾਣੀ ਵਿਚ ਡੁੱਬੀਆਂ ਹੋਈਆਂ ਹਨ, ਜਿਸ ਕਾਰਨ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਪਹੁੰਚ ਗਿਆ ਹੈ। ਭਾਵੇਂ ਪ੍ਰਸ਼ਾਸਨ ਨੇ ਰਾਹਤ ਟੀਮਾਂ ਤਾਇਨਾਤ ਕਰ ਦਿਤੀਆਂ ਹਨ, ਜੋ ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾ ਰਹੀਆਂ ਹਨ ਪਰ ਮੀਂਹ ਕਾਰਨ ਹੋਈ ਤਬਾਹੀ ਦੇ ਮੱਦੇਨਜ਼ਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਬੇਕਾਰ ਸਾਬਤ ਹੋ ਰਹੀਆਂ ਹਨ।
rain
ਚੇਨਈ ਤੋਂ ਲੈ ਕੇ ਰਾਮੇਸ਼ਵਰਮ ਤੱਕ ਤਾਮਿਲਨਾਡੂ 'ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਉੱਤਰ ਪੂਰਬੀ ਮਾਨਸੂਨ ਦਾ ਮੀਂਹ ਪਿਛਲੇ 3 ਦਿਨਾਂ ਤੋਂ ਲਗਾਤਾਰ ਜਾਰੀ ਹੈ ਅਤੇ ਲੋਕ ਇਸ ਵਿਚ ਫਸ ਗਏ ਹਨ। ਮੌਸਮ ਵਿਭਾਗ ਨੇ ਅੱਜ ਤਾਮਿਲਨਾਡੂ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਦੇ ਮੱਦੇਨਜ਼ਰ ਸਕੂਲ ਅਤੇ ਕਾਲਜ ਬੰਦ ਕਰ ਦਿਤੇ ਗਏ ਹਨ।
ਭਾਰੀ ਬਾਰਿਸ਼ ਦੌਰਾਨ ਰਾਹਤ ਅਤੇ ਬਚਾਅ ਕਾਰਜਾਂ ਲਈ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ । NDRF ਟੀਮ ਵਿਚ 22 ਬਚਾਅ ਕਰਨ ਵਾਲੇ ਅਤੇ ਜੀਵਨ ਬਚਾਉਣ ਵਾਲੇ ਉਪਕਰਨ ਸ਼ਾਮਲ ਹਨ। ਬਾਕੀ ਸੂਬੇ ਦਾ ਜਾਇਜ਼ਾ ਲੈਣ ਤੋਂ ਬਾਅਦ ਉੱਥੇ ਵੀ ਰਾਹਤ ਅਤੇ ਬਚਾਅ ਟੀਮਾਂ ਭੇਜੀਆਂ ਜਾ ਰਹੀਆਂ ਹਨ।