ਮਹਿਲਾਵਾਂ ਦੀ ਸੁਰੱਖਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਫ਼ੈਸਲਾ
ਲਖਨਉ : ਹੈਦਰਾਬਾਦ ਗੈਂਗਰੇਪ ਅਤੇ ਉੱਤਰ ਪ੍ਰਦੇਸ਼ ਵਿਚ ਬਲਾਤਕਾਰ ਦੀਆਂ ਘਟਨਾਵਾਂ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਨੇ ਹੁਣ ਮਹਿਲਾ ਸੁਰੱਖਿਆ ਨੂੰ ਲੈ ਕੇ ਵੱਡੀ ਤਿਆਰੀ ਸ਼ੁਰੂ ਕੀਤੀ ਹੈ। ਜਾਣਕਾਰੀ ਮੁਤਾਬਕ ਡੀਜੀਪੀ ਦਫ਼ਤਰ ਵਿਚ ਖਰੜਾ ਤਿਆਰ ਕੀਤਾ ਗਿਆ ਹੈ ਕਿ ਦੇਰ ਰਾਤ ਸਫ਼ਰ ਕਰ ਰਹੀ ਔਰਤਾਂ ਨੂੰ ਪੁਲਿਸ ਘਰ ਤੱਕ ਛੱਡੇ। 112 ਨੰਬਰ 'ਤੇ ਫੋਨ ਕਰਕੇ ਮਹਿਲਾਵਾਂ ਨੂੰ ਇਸ ਦੀ ਸੂਹਲਤ ਮਿਲੇਗੀ। ਮਹਿਲਾ ਸਿਪਾਹੀ ਦੀ ਮਦਦ ਨਾਲ ਔਰਤਾਂ ਨੂੰ ਘਰ ਛੱਡਿਆ ਜਾਵੇਗਾ।
ਜਾਣਕਾਰੀ ਮੁਤਬਾਕ ਡੀਜੀਪੀ ਦਫ਼ਤਰ ਵਿਚ ਸੂਬੇ ਦੇ ਡੀਜੀਪੀ ਓਪੀ ਸਿੰਘ ਦੀ ਡਾਇਲ 112 ਸੇਵਾ ਦੇ ਏਡੀਜੀ ਅਸੀਮ ਅਰੁਣ ਨਾਲ ਮੀਟਿੰਗ ਹੋਈ। ਇਸ ਤੋਂ ਬਾਅਦ ਡੀਜੀਪੀ ਓਪੀ ਸਿੰਘ ਨੇ ਕਿਹਾ ਕਿ ਹੁਣ ਉੱਤਰ ਪ੍ਰਦੇਸ਼ ਵਿਚ ਦੇਰ ਰਾਤ ਤੱਕ ਸਫ਼ਰ ਕਰ ਰਹੀ ਮਹਿਲਾਵਾਂ ਨੂੰ ਡਾਇਲ 112 ਸੇਵਾ ਘਰ ਤੱਕ ਛੱਡੇਗੀ। ਉਨ੍ਹਾਂ ਨੇ ਕਿਹਾ ਕਿ ਜੋ ਵੀ ਮਹਿਲਾ 112 ਨੰਬਰ ਤੇ ਫੋਨ ਕਰਕੇ ਸਹਾਇਤਾ ਮੰਗੇਗੀ ਉਸੇ ਨੂੰ ਇਹ ਸਹੂਲਤ ਮਿਲੇਗੀ। ਉਨ੍ਹਾਂ ਨੇ ਦੱਸਿਆ ਕੇ ਹੁਣ ਸਾਡੇ ਕੋਲ 10 ਫ਼ੀਸਦੀ ਪੀਆਰਵੀ 'ਤੇ ਮਹਿਲਾ ਪੁਲਿਸ ਕਰਮਚਾਰੀ ਹਨ। ਮਹਿਲਾ ਪੁਲਿਸ ਕਰਮਚਾਰੀ ਨਾ ਹੋਣ 'ਤੇ ਪੀਆਰਵੀ ਕਮਾਂਡਰ ਮੌਕੇ ਤੇ ਉਚਿਤ ਫ਼ੈਸਲਾ ਲੈਵੇਗਾ। ਉਨ੍ਹਾਂ ਨੇ ਦੱਸਿਆ ਕਿ ਡੀਜੀਪੀ ਦਫ਼ਤਰ ਤੋਂ ਇਸ ਸਬੰਧ ਵਿਚ ਨਿਰਦੇਸ਼ ਅੱਜ ਤੋਂ ਜਾਰੀ ਹੋ ਰਹੇ ਹਨ।
ਅੱਜ ਸੋਮਵਾਰ ਨੂੰ ਮੁੱਖ ਮੰਤਰੀ ਯੋਗੀ ਅਦਿਤਾਆਨਾਥ ਦੀ ਪ੍ਰਧਾਨਗੀ ਹੇਠ ਹੋਈ ਕੈਬੀਨੇਟ ਬੈਠਕ ਵਿਚ ਪੈਕਸੋ ਐਕਟ ਅਤੇ ਬਲਾਤਕਾਰ ਨਾਲ ਸਬੰਧਿਤ ਕੇਸਾਂ ਦੇ ਨਿਪਟਾਰੇ ਲਈ 218 ਨਵੀਂ ਫਾਸਟ ਟਰੈਕ ਅਦਾਲਤਾਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਅਦਾਲਤਾਂ ਵਿਚ ਸਿਰਫ਼ ਬਲਾਤਕਾਰ ਨਾਲ ਜੁੜੇ ਮੁਕੱਦਮਿਆਂ ਦੀ ਹੀ ਸੁਣਵਾਈ ਹੋਵੇਗੀ ਜਿਸ ਵਿਚ 144 ਕੋਰਟ ਔਰਤਾਂ ਅਤੇ 74 ਕੋਰਟ ਬੱਚਿਆਂ ਦੇ ਮਾਮਲੇ ਦੀ ਸੁਣਵਾਈ ਕਰਨਗੇ।
ਦੱਸ ਦਈਏ ਕਿ ਇਸ ਤੋਂ ਪਹਿਲਾ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਦੇਰ ਰਾਤ ਸਫ਼ਰ ਕਰ ਰਹੀ ਔਰਤ ਨੂੰ ਸਹੀ ਸਲਾਮਤ ਘਰ ਛੱਡਣ ਦੇ ਨਿਰਦੇਸ਼ ਦਿੱਤੇ ਸਨ ਜਿਸ ਵਿਚ ਕਿਹਾ ਗਿਆ ਸੀ ਰਾਤ ਨੂੰ ਨੌ ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਜੇਕਰ ਕੋਈ ਔਰਤ ਇੱਕਲੀ ਸਫ਼ਰ ਕਰ ਰਹੀ ਹੈ ਤਾਂ ਪੁਲਿਸ ਹੈਲਪਲਾਇਨ ਨੰਬਰ 'ਤੇ ਫੋਨ ਕਰਕੇ ਮਦਦ ਮੰਗ ਸਕਦੀ ਹੈ ਅਤੇ ਪੁਲਿਸ ਉਸ ਨੂੰ ਕੈਬ ਜਾਂ ਪੀਸੀਆਰ ਰਾਹੀਂ ਉਸ ਦੀ ਮੰਜਿਲ ਤੱਕ ਪਹੁੰਚਾਵੇਗੀ