
ਸਿੱਖਿਆ ਮੰਤਰਾਲਾ ਗੁਰਜਰ ਕੋਲ ਰਹੇਗਾ
ਕਰਨਾਲ - ਹਰਿਆਣਾ ਵਿਚ 12 ਵਿਭਾਗਾਂ ਦੇ ਰਲੇਵੇਂ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ਵਿਚ ਵੱਡਾ ਫੇਰਬਦਲ ਹੋਇਆ ਹੈ। ਇਸ ਬਦਲਾਅ ਨਾਲ ਗ੍ਰਹਿ ਮੰਤਰੀ ਨੂੰ ਵੱਡਾ ਝਟਕਾ ਲੱਗਾ ਹੈ। ਉਹਨਾਂ ਤੋਂ ਦੋ ਪੋਰਟਫੋਲੀਓ ਵਾਪਸ ਲੈ ਲਏ ਗਏ ਹਨ। ਵਿਗਿਆਨ ਐਂਡ ਤਕਨਾਲੋਜੀ ਅਤੇ ਤਕਨੀਕੀ ਸਿੱਖਿਆ ਇਹ ਦੋ ਵਿਭਾਗ ਉਹਨਾਂ ਕੋਲੋਂ ਲੈ ਲਏ ਗਏ ਹਨ।
ਉਚੇਰੀ ਸਿੱਖਿਆ ਕੈਬਨਿਟ ਮੰਤਰੀ ਮੂਲਚੰਦ ਸ਼ਰਮਾ ਨੂੰ ਦਿੱਤੀ ਗਈ ਹੈ। ਸਕੂਲ ਸਿੱਖਿਆ ਵਿਭਾਗ ਕੰਵਰਪਾਲ ਗੁਰਜਰ ਕੋਲ ਰਹੇਗਾ। ਇਸ ਦੇ ਨਾਲ ਹੀ ਸੀਐਮ ਮਨੋਹਰ ਲਾਲ ਨੇ ਕੰਵਰਪਾਲ ਗੁਰਜਰ ਨੂੰ ਵਾਤਾਵਰਣ ਜੰਗਲੀ ਜੀਵ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਹੈ। ਸਹਿਕਾਰਤਾ ਮੰਤਰੀ ਬਨਵਾਰੀ ਲਾਲ ਨੂੰ ਜਨ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਵੀ ਮਿਲੀ ਹੈ। ਬਨਵਾਰੀ ਲਾਲ ਕੋਲ ਪਹਿਲਾਂ ਹੀ ਸਹਿਕਾਰਤਾ ਵਿਭਾਗ ਸੀ, ਹੁਣ ਉਨ੍ਹਾਂ ਨੂੰ ਜਨ ਸਿਹਤ ਵਿਭਾਗ ਵੀ ਦਿੱਤਾ ਗਿਆ ਹੈ।
ਹਰਿਆਣਾ ਦੇ ਮੰਤਰੀਆਂ ਦੇ ਵਿਭਾਗਾਂ ਦੇ ਫੇਰਬਦਲ ਦੌਰਾਨ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਸੁਰੱਖਿਅਤ ਰਹੇ। ਉਹਨਾਂ ਕੋਲ ਅਜੇ ਵੀ 7 ਵਿਭਾਗ ਬਾਕੀ ਹਨ। ਇਨ੍ਹਾਂ ਵਿਚ ਮਾਲ ਅਤੇ ਆਫ਼ਤ ਪ੍ਰਬੰਧਨ, ਆਬਕਾਰੀ ਅਤੇ ਕਰ, ਉਦਯੋਗ ਅਤੇ ਵਣਜ, ਲੋਕ ਨਿਰਮਾਣ, ਭੋਜਨ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਸ਼ਹਿਰੀ ਹਵਾਬਾਜ਼ੀ ਅਤੇ ਪੁਨਰਵਾਸ ਸ਼ਾਮਲ ਹਨ।
ਵਿਭਾਗਾਂ ਦੇ ਰਲੇਵੇਂ ਤੋਂ ਬਾਅਦ ਹਰਿਆਣਾ ਦਾ ਸਿੱਖਿਆ ਵਿਭਾਗ ਵੰਡਿਆ ਗਿਆ ਹੈ। ਕੰਵਰਪਾਲ ਗੁਰਜਰ ਨੂੰ ਸਕੂਲੀ ਸਿੱਖਿਆ ਅਤੇ ਮੂਲਚੰਦ ਸ਼ਰਮਾ ਨੂੰ ਉਚੇਰੀ ਸਿੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੂਲਚੰਦ ਸ਼ਰਮਾ ਕੋਲ ਹੁਣ ਟਰਾਂਸਪੋਰਟ, ਮਾਈਨਿੰਗ ਅਤੇ ਭੂ-ਵਿਗਿਆਨ, ਚੋਣ ਅਤੇ ਉੱਚ ਸਿੱਖਿਆ ਦੇ ਵਿਭਾਗ ਹਨ। ਜਦਕਿ ਕੰਵਰਪਾਲ ਗੁਰਜਰ ਕੋਲ ਇਸ ਸਮੇਂ ਸਕੂਲ ਸਿੱਖਿਆ, ਸੰਸਦੀ ਮਾਮਲੇ, ਪ੍ਰਾਹੁਣਚਾਰੀ, ਵਾਤਾਵਰਣ, ਜੰਗਲ ਅਤੇ ਜੰਗਲੀ ਜੀਵਣ ਅਤੇ ਵਿਰਾਸਤ ਅਤੇ ਸੈਰ ਸਪਾਟਾ ਹਨ।