
ਪੀਐਮ ਮੋਦੀ ਨੇ ਸਿਲੀਗੁੜੀ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ
ਸਿਲੀਗੁੜੀ: ਪੱਛਮੀ ਬੰਗਾਲ ਵਿਚ ਜਾਰੀ ਵਿਧਾਨ ਸਭਾ ਚੋਣਾਂ ਦੌਰਾਨ ਰੈਲੀਆਂ ਦਾ ਦੌਰ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਸਿਲੀਗੁੜੀ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕੂਚ ਬਿਹਾਰ ਵਿਚ ਵਾਪਰੀ ਘਟਨਾ ’ਤੇ ਦੁੱਖ ਜ਼ਾਹਿਰ ਕੀਤਾ। ਪੀਐਮ ਮੋਦੀ ਨੇ ਕਿਹਾ ‘ਕੂਚ ਬਿਹਾਰ ਵਿਚ ਜੋ ਹੋਇਆ ਉਹ ਬਹੁਤ ਦੁਖਦਾਈ ਹੈ। ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਮੈਂ ਉਹਨਾਂ ਦੀ ਮੌਤ ’ਤੇ ਦੁੱਖ ਜ਼ਾਹਿਰ ਕਰਦਾ ਹਾਂ।
Narendra Modi
ਮਮਤਾ ਬੈਨਰਜੀ ’ਤੇ ਹਮਲਾ ਬੋਲਦਿਆਂ ਪੀਐਮ ਨੇ ਕਿਹਾ ਕਿ ਲੋਕਾਂ ਨੂੰ ਭਾਜਪਾ ਦੇ ਹੱਕ ਵਿਚ ਦੇਖ ਦੇ ਦੀਦੀ ਅਤੇ ਉਹਨਾਂ ਦੇ ਗੁੰਡੇ ਬੌਖਲਾ ਰਹੇ ਹਨ। ਉੱਤਰੀ ਬੰਗਾਲ ਦੀ ਧਰਤੀ ਨੇ ਐਲਾਨ ਕਰ ਦਿੱਤਾ ਹੈ ਕਿ ਟੀਐਮਸੀ ਸਰਕਾਰ ਜਾ ਰਹੀ ਹੈ ਤੇ ਭਾਜਪਾ ਸਰਕਾਰ ਆ ਰਹੀ ਹੈ। ਬੰਗਾਲ ਵਿਚ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ।
Mamata Banerjee
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਪਣੀ ਕੁਰਸੀ ਜਾਂਦੀ ਦੇਖ ਦੀਦੀ ਇਸ ਪੱਧਰ ’ਤੇ ਆ ਗਈ ਹੈ ਪਰ ਮੈਂ ਦੀਦੀ, ਟੀਐਮਸੀ ਅਤੇ ਉਹਨਾਂ ਦੇ ਗੁੰਡਿਆਂ ਨੂੰ ਸਾਫ-ਸਾਫ ਕਹਿਣਾ ਚਾਹੁੰਦਾ ਹਾਂ ਕਿ ਉਹਨਾਂ ਦੀ ਮਰਜ਼ੀ ਬੰਗਾਲ ਵਿਚ ਨਹੀਂ ਚੱਲਣ ਦਿੱਤੀ ਜਾਵੇਗੀ। ਪੀਐਮ ਮੋਦੀ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਕੂਚ ਬਿਹਾਰ ਵਿਚ ਜੋ ਹੋਇਆ ਉਸ ਦੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
Narendra Modi
ਨਰਿੰਦਰ ਮੋਦੀ ਨੇ ਕਿਹਾ ਕਿ ਬੰਗਾਲ ਦੇ ਲੋਕ ਮਮਤਾ ਬੈਨਰਜੀ ਦੀ ਜਾਗੀਰ ਨਹੀਂ ਹੈ। ਲੋਕਾਂ ਨੇ ਤੈਅ ਕਰ ਲਿਆ ਹੈ ਕਿ ਮਮਤਾ ਬੈਨਰਜੀ ਨੂੰ ਜਾਣਾ ਹੋਵੇਗਾ। ਉਹਨਾਂ ਕਿਹਾ ਤੁਸੀਂ ਇਕੱਲੇ ਨਹੀਂ ਜਾਓਗੇ, ਤੁਹਾਡੇ ਪੂਰੇ ਗਿਰੋਹ ਨੂੰ ਜਨਤਾ ਹਟਾਉਣ ਵਾਲੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ। ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਦੀਦੀ ਦੇ ਕਰੀਬੀ, ਬੰਗਾਲ ਦੇ ਸੈਰ ਸਪਾਟਾ ਮੰਤਰੀ ਅਤੇ ਇੱਥੋਂ ਦੇ ਵਿਧਾਇਕ ਲੋਕਾਂ ਨੂੰ ਧਮਕਾ ਰਹੇ ਹਨ। ਸਭ ਕੁਝ ਕੈਮਰੇ ਵਿਚ ਕੈਦ ਹੈ।