
ਕਿਹਾ ‘ਖ਼ਾਲਿਦ ਨੇ ਸੋਸ਼ਲ ਮੀਡੀਆ ’ਤੇ ਫੈਲਾਈਆਂ ਝੂਠੀਆਂ ਕਹਾਣੀਆਂ’
ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਇੱਥੇ ਇਕ ਅਦਾਲਤ ਨੂੰ ਦਸਿਆ ਕਿ ਜੇ.ਐਨ.ਯੂ. ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੇ ਅਪਣੇ ਹੱਕ ’ਚ ਸੋਸ਼ਲ ਮੀਡੀਆ ਰਾਹੀਂ ਝੂਠੀਆਂ ਕਹਾਣੀਆਂ ਫੈਲਾਈਆਂ ਹਨ। 2020 ਦੇ ਦਿੱਲੀ ਦੰਗਿਆਂ ਦੇ ਮਾਮਲੇ ’ਚ ਖਾਲਿਦ ਦੀ ਜ਼ਮਾਨਤ ਪਟੀਸ਼ਨ ਵਿਰੁਧ ਪੁਲਿਸ ਨੇ ਅਪਣੀਆਂ ਦਲੀਲਾਂ ਅੱਜ ਪੂਰੀਆਂ ਕੀਤੀਆਂ।
ਖਾਲਿਦ ’ਤੇ 2020 ਦੇ ਉੱਤਰ-ਪੂਰਬੀ ਦਿੱਲੀ ਫਿਰਕੂ ਦੰਗਿਆਂ ’ਚ ਕਥਿਤ ਵੱਡੀ ਸਾਜ਼ਸ਼ ਰਚਣ ਦਾ ਦੋਸ਼ ਹੈ। ਉਸ ’ਤੇ ਸਖਤ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਖਾਲਿਦ ਦੀ ਜ਼ਮਾਨਤ ਪਟੀਸ਼ਨ ਵਿਰੁਧ ਦਲੀਲਾਂ ਮੰਗਲਵਾਰ ਨੂੰ ਵਧੀਕ ਸੈਸ਼ਨ ਜੱਜ ਸਮੀਰ ਬਾਜਪਾਈ ਦੇ ਸਾਹਮਣੇ ਰੱਖੀਆਂ ਗਈਆਂ।
ਵਿਸ਼ੇਸ਼ ਸਰਕਾਰੀ ਵਕੀਲ ਅਮਿਤ ਪ੍ਰਸਾਦ ਨੇ ਕਿਹਾ ਕਿ ਖਾਲਿਦ ਦੇ ਮੋਬਾਈਲ ਫੋਨ ਡਾਟਾ ਤੋਂ ਪਤਾ ਲਗਦਾ ਹੈ ਕਿ ਉਹ ਕੁੱਝ ਅਦਾਕਾਰਾਂ, ਸਿਆਸਤਦਾਨਾਂ, ਕਾਰਕੁਨਾਂ ਅਤੇ ਮਸ਼ਹੂਰ ਹਸਤੀਆਂ ਦੇ ਸੰਪਰਕ ’ਚ ਸੀ ਅਤੇ ਉਨ੍ਹਾਂ ਨੂੰ ਦਿੱਲੀ ਪੁਲਿਸ ਵਿਰੁਧ ਕੁੱਝ ਨਿਊਜ਼ ਪੋਰਟਲਾਂ ਵਲੋਂ ਕੁੱਝ ਲਿੰਕ ਭੇਜੇ ਸਨ। ਇਹ ਲਿੰਕ ਉਨ੍ਹਾਂ ਨੂੰ ਅਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਸਾਂਝਾ ਕਰਨ ਦੀ ਬੇਨਤੀ ਦੇ ਨਾਲ ਭੇਜੇ ਗਏ ਸਨ ਤਾਂ ਜੋ ਇਕ ਵਿਸ਼ੇਸ਼ ਬਿਰਤਾਂਤ ਬਣਾਇਆ ਕੀਤਾ ਜਾ ਸਕੇ ਅਤੇ ਇਸ ਨੂੰ ਫੈਲਾਇਆ ਜਾ ਸਕੇ। ਪ੍ਰਸਾਦ ਨੇ ਇਨ੍ਹਾਂ ਲੋਕਾਂ ਨਾਲ ਅਪਣੀ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਖਾਲਿਦ ਨੇ ਸਾਜ਼ਸ਼ ਦੇ ਹਿੱਸੇ ਵਜੋਂ ਅਪਣੀ ਕਹਾਣੀ ਨੂੰ ਅੱਗੇ ਵਧਾਇਆ।
ਐਸ.ਪੀ.ਪੀ. ਨੇ ਅਦਾਲਤ ’ਚ ਇਕ ਵੀਡੀਉ ਕਲਿੱਪ ਵੀ ਚਲਾਈ, ਜਿਸ ’ਚ ਖਾਲਿਦ ਦੇ ਪਿਤਾ ਦਾ ਇਕ ਨਿਊਜ਼ ਪੋਰਟਲ ਵਲੋਂ ਇੰਟਰਵਿਊ ਲਿਆ ਜਾ ਰਿਹਾ ਸੀ। ਐਸ.ਪੀ.ਪੀ. ਨੇ ਕਿਹਾ ਕਿ ਉਸ ਦੇ ਪਿਤਾ ਨੇ ਪੋਰਟਲ ਨੂੰ ਦਸਿਆ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ’ਚ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ ਨੂੰ ਸੁਪਰੀਮ ਕੋਰਟ ’ਤੇ ਭਰੋਸਾ ਨਹੀਂ ਹੈ ਅਤੇ ਇਸ ਲਈ ਉਹ ਹੇਠਲੀ ਅਦਾਲਤ ’ਚ ਆਏ ਹਨ। ਇਸ ਤਰ੍ਹਾਂ ਉਹ (ਉਨ੍ਹਾਂ ਦੇ ਹੱਕ ਵਿਚ) ਕਹਾਣੀ ਬਣਾ ਰਹੇ ਹਨ।’’
ਐਸ.ਪੀ.ਪੀ. ਨੇ ਕਿਹਾ ਕਿ ਖਾਲਿਦ ਨੇ ਇਕ ਵਟਸਐਪ ਗਰੁੱਪ ਦੇ ਮੈਂਬਰਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਸੁਪਰੀਮ ਕੋਰਟ ਦੀ ਕਾਰਵਾਈ ਤੋਂ ਬਾਅਦ ਵਿਰੋਧ ਪ੍ਰਦਰਸ਼ਨਾਂ ਦਾ ਸਮਾਂ ਤੈਅ ਕਰਨ। ਉਨ੍ਹਾਂ ਨੇ ਖਾਲਿਦ ਦੀ ਉਸ ਦਲੀਲ ਨੂੰ ਵੀ ਖਾਰਜ ਕਰ ਦਿਤਾ, ਜਿਸ ’ਚ ਉਸ ਨੇ ਹੋਰ ਸਹਿ-ਮੁਲਜ਼ਮਾਂ ਨਾਲ ਬਰਾਬਰੀ ਦੀ ਮੰਗ ਕੀਤੀ ਸੀ, ਜਿਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ।
ਖਾਲਿਦ ਅਤੇ ਕਈ ਹੋਰਾਂ ’ਤੇ ਫ਼ਰਵਰੀ 2020 ਦੇ ਦੰਗਿਆਂ ਦੇ ਕਥਿਤ ਤੌਰ ’ਤੇ ‘ਮਾਸਟਰਮਾਈਂਡ’ ਹੋਣ ਦੇ ਦੋਸ਼ ’ਚ ਅਤਿਵਾਦ ਵਿਰੋਧੀ ਕਾਨੂੰਨ ਯੂ.ਏ.ਪੀ.ਏ. ਅਤੇ ਭਾਰਤੀ ਦੰਡਾਵਲੀ ਦੀਆਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਹਿੰਸਾ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਕੌਮੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਭੜਕੀ ਸੀ।