ਤਾਲਾਬੰਦੀ : ਮੋਦੀ ਅੱਜ ਕਰਨਗੇ ਮੁੱਖ ਮੰਤਰੀਆਂ ਨਾਲ ਗੱਲਬਾਤ
ਨਵੀਂ ਦਿੱਲੀ, 10 ਮਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਦੁਪਹਿਰ ਨੂੰ ਵੱਖੋ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿਤੀ ਹੈ। ਕੋਰੋਨਾ ਵਾਇਰਸ ਸੰਕਟ ਬਾਰੇ ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਇਹ ਪੰਜਵੀਂ ਬੈਠਕ ਹੋਵੇਗੀ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਵੀਡੀਉ ਕਾਨਫ਼ਰੰਸ ਸੋਮਵਾਰ ਦੁਪਹਿਰ ਤਿੰਨ ਵਜੇ ਸ਼ੁਰੂ ਹੋਵੇਗੀ।
ਸਰਕਾਰ 'ਚ ਮੌਜੂਦਾ ਸੂਤਰਾਂ ਨੇ ਕਿਹਾ ਕਿ ਬੈਠਕ 'ਚ ਆਰਥਕ ਗਤੀਵਿਧੀਆਂ ਵਧਾਉਣ ਅਤੇ ਕੋਰੋਨਾ ਵਾਇਰਸ ਦੇ 'ਰੈੱਡ ਜ਼ੋਨ' ਨੂੰ 'ਆਰੇਂਜ ਜ਼ੋਨ' ਜਾਂ 'ਗ੍ਰੀਨ ਜ਼ੋਨ' 'ਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਵਧਾਉਣ 'ਤੇ ਜ਼ੋਰ ਦਿਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਬੈਠਕ 'ਚ ਹਿੱਸਾ ਲੈਣ ਵਾਲੇ ਸਾਰੇ ਮੁੱਖ ਮੰਤਰੀਆਂ ਨੂੰ ਗੱਲਬਾਤ ਦੌਰਾਨ ਅਪਣੇ ਵਿਚਾਰ ਰੱਖਣ ਦਾ ਮੌਕਾ ਮਿਲੇਗਾ।
ਪ੍ਰਧਾਨ ਮੰਤਰੀ ਵਲੋਂ ਮੁੱਖ ਮੰਤਰੀਆਂ ਨਾਲ ਪਿਛਲੀ ਵਾਰੀ 27 ਅਪ੍ਰੈਲ ਨੂੰ ਗੱਲਬਾਤ ਕੀਤੇ ਜਾਣ ਮਗਰੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਦੁੱਗਣੀ ਤੋਂ ਜ਼ਿਆਦਾ ਹੋ ਗਈ ਹੈ। ਇਹ ਲਗਭਗ 28,000 ਦੇ ਅੰਕੜੇ ਤੋਂ ਵੱਧ ਕੇ ਲਗਭਗ 63,000 ਪਹੁੰਚ ਗਈ ਹੈ।
ਬੈਠਕ ਤੋਂ ਕੁੱਝ ਦਿਨਾਂ ਬਾਅਦ ਕੇਂਦਰ ਸਰਕਾਰ ਨੇ ਤਾਲਾਬੰਦੀ ਦਾ ਸਮਾਂ ਹੋਰ ਦੋ ਹਫ਼ਤਿਆਂ ਤਕ 17 ਮਈ ਤਕ ਵਧਾ ਦਿਤਾ ਸੀ। ਹਾਲਾਂਕਿ, ਆਰਥਕ ਗਤੀਵਿਧੀਆਂ ਅਤੇ ਲੋਕਾਂ ਦੀ ਆਵਾਜਾਈ 'ਚ ਕੁੱਝ ਛੋਟ ਦਿਤੀ ਗਈ ਸੀ। ਦੇਸ਼ਪਧਰੀ ਤਾਲਾਬੰਦੀ 25 ਮਾਰਚ ਤੋਂ ਲਾਗੂ ਹੈ। (ਪੀਟੀਆਈ)