
ਗੰਗਾ ਯਮੁਨਾ ਦਾ ਮੈਦਾਨੀ ਹਿੱਸਾ ਦੇਸ਼ ਵਿਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੈ।
ਨਵੀਂ ਦਿੱਲੀ: ਗੰਗਾ ਯਮੁਨਾ ਦਾ ਮੈਦਾਨੀ ਹਿੱਸਾ ਦੇਸ਼ ਵਿਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੈ। ਇਥੇ ਰਹਿਣ ਵਾਲੇ ਲੋਕ ਆਮ ਨਾਲੋਂ ਢਾਈ ਗੁਣਾ ਜ਼ਿਆਦਾ ਪ੍ਰਦੂਸ਼ਣ ਸਹਿ ਰਹੇ ਹਨ। ਵਿਗਿਆਨ ਅਤੇ ਵਾਤਾਵਰਨ ਕੇਂਦਰ ਨੇ ਦੇਸ਼ ਦੇ ਪੰਜ ਅਲੱਗ-ਅਲੱਗ ਭੂਗੋਲਿਕ ਖੇਤਰਾਂ ਵਿਚ ਪ੍ਰਦੂਸ਼ਣ ਦੀ ਸਥਿਤੀ ਦਾ ਅਨੁਮਾਨ ਲਗਾ ਕੇ ਇਹ ਨਤੀਜਾ ਕੱਢਿਆ ਹੈ। ਗੰਗਾ-ਯਮੁਨਾ ਦੇ ਮੈਦਾਨਾਂ ਵਿਚ ਦਿੱਲੀ ਸਮੇਤ 22 ਅਜਿਹੇ ਸ਼ਹਿਰ ਵਸੇ ਹੋਏ ਹਨ, ਜਿਨ੍ਹਾਂ ਦੀ ਅਬਾਦੀ 10 ਲੱਖ ਤੋਂ ਜ਼ਿਆਦਾ ਹੈ।
Polluted Air In Delhi
ਗੰਗਾ-ਯਮੁਨਾ ਦਾ ਮੈਦਾਨ ਹੁਣ ਪ੍ਰਦੂਸ਼ਣ ਦਾ ਗੜ੍ਹ ਬਣਦਾ ਜਾ ਰਿਹਾ ਹੈ। ਸੀਐਸਈ ਨੇ ਵਾਤਾਵਰਨ ਦਿਵਸ 5 ਜੂਨ ਦੇ ਮੌਕੇ ‘ਤੇ ਪੂਰੇ ਦੇਸ਼ ਵਿਚ ਪ੍ਰਦੂਸ਼ਣ ਦੀ ਸਥਿਤੀ ‘ਤੇ ਐਟ ਦ ਕ੍ਰਾਸਰੋਡ ਨਾਂਅ ਦੀ ਰਿਪੋਰਟ ਜਾਰੀ ਕੀਤੀ ਹੈ। ਇਸ ਵਿਚ ਦੇਸ਼ ਦੇ ਪੰਜ ਭੁਗੋਲਿਕ ਹਿੱਸਿਆਂ ਵਿਚ ਸਾਲ 2007 ਤੋਂ ਲੈ ਕੇ 2017 ਤੱਕ ਦੀ ਪ੍ਰਦੂਸ਼ਣ ਦੀ ਸਥਿਤੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
Centre For Science And Environment
ਦਾਅਵਾ ਹੈ ਕਿ ਗੰਗਾ-ਯਮੁਨਾ ਦੇ ਇਸ ਪੂਰੇ ਹਿੱਸੇ ਵਿਚ ਪ੍ਰਦੂਸ਼ਕ ਕਣ ਪੀਐਮ-10 ਦੀ ਮਾਤਰਾ ਆਮ ਨਾਲੋਂ ਢਾਈ ਗੁਣਾ ਜ਼ਿਆਦਾ ਹੈ। ਪੀਐਮ-10 ਦੀ ਸਾਲ ਭਰ ਵਿਚ ਔਸਤ ਮਾਤਰਾ 60 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੋਣੀ ਚਾਹੀਦੀ ਹੈ। ਜਦਕਿ ਇੱਥੇ ਸਾਲ 2017 ਵਿਚ ਪੀਐਮ-10 ਦੀ ਔਸਤ ਮਾਤਰਾ 162 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਰਹੀ। ਇਹ ਆਮ ਨਾਲੋਂ 2.7 ਗੁਣਾ ਜ਼ਿਆਦਾ ਹੈ।
Air pollution
ਰਿਪੋਰਟ ਵਿਚ ਗੰਗਾ-ਯਮੁਨਾ ਦੇ ਭੂਗੋਲਿਕ ਖੇਤਰਾਂ ਵਿਚ ਦਿੱਲੀ, ਗਾਜ਼ੀਆਬਾਦ, ਗ੍ਰੇਟਰ ਨੋਇਡਾ, ਕਾਨਪੁਰ, ਇਲਾਹਾਬਾਦ, ਵਾਰਾਣਸੀ, ਲਖਨਊ, ਅੰਬਾਲਾ, ਫਰੀਦਾਬਾਦ, ਗੁਰੂਗ੍ਰਾਮ, ਜੀਂਦ, ਕਰਨਾਲ ਅਤੇ ਪਟਨਾ ਆਦਿ ਸ਼ਹਿਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਸ਼ਹਿਰਾਂ ਵਿਚ ਦੇਸ਼ ਦੀ ਵੱਡੀ ਅਬਾਦੀ ਰਹਿੰਦੀ ਹੈ।ਰਿਪੋਰਟ ਮੁਤਾਬਿਕ ਦੇਸ਼ ਦੇ ਪੰਜ ਭੁਗੋਲਿਕ ਹਿੱਸਿਆਂ ਵਿਚ ਦੱਖਣੀ ਹਿੱਸੇ ਦੀ ਹਵਾ ਤੁਲਨਾਤਮਕ ਰੂਪ ਨਾਲੋਂ ਸਭ ਤੋਂ ਜ਼ਿਆਦਾ ਸਾਫ਼ ਸੁਥਰੀ ਹੈ।