
ਡੋਸਾ, ਇਡਲੀ ਬਣਾਉਣ ਦੇ ਮਿਸ਼ਰਣ ਨੂੰ ਸੱਤੂ ਨਹੀਂ ਮੰਨਿਆ ਜਾ ਸਕਦਾ : ਗੁਜਰਾਤ ਐਡਵਾਂਸ ਅਪੀਲ ਅਥਾਰਟੀ
18% GST on Dosa: ਨਵੀਂ ਦਿੱਲੀ: ਇਡਲੀ ਡੋਸਾ ਅਤੇ ਖਮਨ ਬਣਾਉਣ ਦੇ ਮਿਸ਼ਰਣ ਨੂੰ ਸੱਤੂ ਦੀ ਸ਼੍ਰੇਣੀ ’ਚ ਨਹੀਂ ਰੱਖਿਆ ਜਾ ਸਕਦਾ ਅਤੇ ਇਸ ’ਤੇ 18 ਫੀ ਸਦੀ ਜੀ.ਐੱਸ.ਟੀ. ਲਗਾਇਆ ਜਾਣਾ ਚਾਹੀਦਾ ਹੈ। ਗੁਜਰਾਤ ਐਡਵਾਂਸ ਅਪੀਲ ਅਥਾਰਟੀ (ਜੀ.ਏ.ਏ.ਆਰ.) ਨੇ ਇਹ ਫੈਸਲਾ ਦਿਤਾ ਹੈ।
ਗੁਜਰਾਤ ਸਥਿਤ ਕਿਚਨ ਐਕਸਪ੍ਰੈਸ ਓਵਰਸੀਜ਼ ਲਿਮਟਿਡ ਨੇ ਜੀ.ਐਸ.ਟੀ. ਐਡਵਾਂਸ ਅਥਾਰਟੀ ਦੇ ਫੈਸਲੇ ਵਿਰੁਧ ਏ.ਏ.ਏ.ਆਰ. ਦਾ ਦਰਵਾਜ਼ਾ ਖੜਕਾਇਆ ਸੀ। ਕੰਪਨੀ ਨੇ ਕਿਹਾ ਸੀ ਕਿ ਉਸ ਦੇ ਸੱਤ ਤੁਰਤ ਆਟੇ ਦੇ ਮਿਸ਼ਰਣ ਤਿਆਰ ਭੋਜਨ ਨਹੀਂ ਹਨ ਅਤੇ ਉਨ੍ਹਾਂ ਨੂੰ ਖਾਣਾ ਪਕਾਉਣ ਦੀਆਂ ਕੁੱਝ ਪ੍ਰਕਿਰਿਆਵਾਂ ’ਚੋਂ ਲੰਘਣਾ ਪੈਂਦਾ ਹੈ।
ਕੰਪਨੀ ਗੋਟਾ ਖਮਾਣ, ਦਲਵਾੜਾ, ਦਹੀ-ਵੜਾ, ਢੋਕਲਾ, ਇਡਲੀ ਅਤੇ ਡੋਸਾ ਦੇ ਆਟੇ ਦਾ ਮਿਸ਼ਰਣ ਪਾਊਡਰ ਦੇ ਰੂਪ ’ਚ ਵੇਚਦੀ ਹੈ। ਜੀ.ਏ.ਆਰ. ਨੇ ਅਪੀਲਕਰਤਾ ਦੀ ਦਲੀਲ ਨੂੰ ਰੱਦ ਕਰਦਿਆਂ ਕਿਹਾ ਕਿ ਤੁਰਤ ਆਟੇ ਦਾ ਮਿਸ਼ਰਣ ਬਣਾਉਣ ’ਚ ਵਰਤੀ ਗਈ ਸਮੱਗਰੀ ਸੰਬੰਧਿਤ ਜੀਐਸਟੀ ਨਿਯਮਾਂ ਦੇ ਅਧੀਨ ਨਹੀਂ ਆਉਂਦੀ ਜਿਵੇਂ ਕਿ ਸੱਤੂ ਦੇ ਮਾਮਲੇ ’ਚ ਹੁੰਦੀ ਹੈ। ਸੀ.ਬੀ.ਆਈ. ਸੀ ਦੇ ਸਰਕੂਲਰ ਮੁਤਾਬਕ ਸੱਤੂ ’ਤੇ ਜੀ.ਐਸ.ਟੀ. 5 ਫੀ ਸਦੀ ਦੀ ਦਰ ਨਾਲ ਲਾਗੂ ਹੁੰਦਾ ਹੈ। ਜੀ.ਏ.ਆਰ. ਨੇ ਕਿਹਾ ਕਿ ਅਪੀਲਕਰਤਾ ਦੇ ਉਤਪਾਦਾਂ ’ਚ ਮਸਾਲੇ ਅਤੇ ਹੋਰ ਸਮੱਗਰੀ ਵੀ ਸ਼ਾਮਲ ਸੀ ਜੋ ਸੱਤੂ ਦੇ ਮਾਮਲੇ ’ਚ ਨਹੀਂ ਸੀ।