GNSS ਨਾਲ ਲੈੱਸ ਗੱਡੀਆਂ ਨੂੰ 20 ਕਿਲੋਮੀਟਰ ਤੱਕ ਨਹੀ ਦੇਣਾ ਪਵੇਗਾ ਟੋਲ
ਨਵੀਂ ਦਿੱਲੀ: ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ (ਜੀ.ਐਨ.ਐਸ.ਐਸ.) ਨਾਲ ਲੈਸ ਨਿੱਜੀ ਗੱਡੀਆਂ ਦੇ ਮਾਲਕਾਂ ਤੋਂ ਨੈਸ਼ਨਲ ਹਾਈਵੇ ਅਤੇ ਐਕਸਪ੍ਰੈਸਵੇਅ ’ਤੇ ਰੋਜ਼ਾਨਾ 20 ਕਿਲੋਮੀਟਰ ਤਕ ਦੇ ਸਫ਼ਰ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ। ਇਹ ਪ੍ਰਬੰਧ ਇਕ ਨੋਟੀਫਿਕੇਸ਼ਨ ’ਚ ਕੀਤਾ ਗਿਆ ਹੈ।
ਸੜਕ ਆਵਾਜਾਈ ਅਤੇ ਨੈਸ਼ਨਲ ਹਾਈਵੇ ਮੰਤਰਾਲੇ ਨੇ ਮੰਗਲਵਾਰ ਨੂੰ ਕੌਮੀ ਰਾਜਮਾਰਗ ਫੀਸ (ਦਰਾਂ ਅਤੇ ਕੁਲੈਕਸ਼ਨ ਦਾ ਨਿਰਧਾਰਨ) ਨਿਯਮ, 2008 ’ਚ ਸੋਧ ਕਰਦਿਆਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ।
ਨੈਸ਼ਨਲ ਹਾਈਵੇ ਫੀਸ (ਦਰਾਂ ਅਤੇ ਕੁਲੈਕਸ਼ਨ ਦਾ ਨਿਰਧਾਰਨ) ਸੋਧ ਨਿਯਮ 2024 ਵਜੋਂ ਨੋਟੀਫਾਈ ਕੀਤੇ ਗਏ ਨਵੇਂ ਨਿਯਮਾਂ ਦੇ ਤਹਿਤ, ਗੱਡੀ ਮਾਲਕ ਨੂੰ ਨੈਸ਼ਨਲ ਹਾਈਵੇ ਅਤੇ ਐਕਸਪ੍ਰੈਸਵੇਅ ’ਤੇ ਕਵਰ ਕੀਤੀ ਗਈ ਕੁਲ ਦੂਰੀ ’ਤੇ ਸਿਰਫ ਉਦੋਂ ਹੀ ਚਾਰਜ ਕੀਤਾ ਜਾਵੇਗਾ ਜੇ ਉਸ ਨੇ 20 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕੀਤਾ ਹੋਵੇ।
ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਕੌਮੀ ਪਰਮਿਟ ਧਾਰਕਾਂ ਤੋਂ ਇਲਾਵਾ ਕਿਸੇ ਹੋਰ ਗੱਡੀ ਦੇ ਡਰਾਈਵਰ, ਮਾਲਕ ਜਾਂ ਇੰਚਾਰਜ, ਜੋ ਕੌਮੀ ਰਾਜਮਾਰਗ ਦੇ ਸਥਾਈ ਪੁਲ, ਬਾਈਪਾਸ ਜਾਂ ਸੁਰੰਗ ਦੇ ਇਕੋ ਹਿੱਸੇ ਦੀ ਵਰਤੋਂ ਕਰਦੇ ਹਨ, ਨੂੰ ਜੀ.ਐਨ.ਐਸ.ਐਸ. ਅਧਾਰਤ ਯੂਜ਼ਰ ਫੀਸ ਇਕੱਤਰ ਕਰਨ ਦੀ ਪ੍ਰਣਾਲੀ ਦੇ ਤਹਿਤ ਇਕ ਦਿਨ ’ਚ ਹਰ ਦਿਸ਼ਾ ’ਚ 20 ਕਿਲੋਮੀਟਰ ਤਕ ਦੀ ਯਾਤਰਾ ਕਰਨ ’ਤੇ ਕੋਈ ਚਾਰਜ ਨਹੀਂ ਲਿਆ ਜਾਵੇਗਾ।
ਸੜਕ ਆਵਾਜਾਈ ਮੰਤਰਾਲੇ ਨੇ ਜੁਲਾਈ ’ਚ ਕਿਹਾ ਸੀ ਕਿ ਉਸ ਨੇ ਫਾਸਟੈਗ ਦੇ ਨਾਲ ਵਾਧੂ ਸਹੂਲਤ ਦੇ ਤੌਰ ’ਤੇ ਚੋਣਵੇਂ ਕੌਮੀ ਨੈਸ਼ਨਲ ਹਾਈਵੇ ’ਤੇ ਪਾਇਲਟ ਆਧਾਰ ’ਤੇ ਸੈਟੇਲਾਈਟ ਅਧਾਰਤ ਟੋਲ ਕੁਲੈਕਸ਼ਨ ਪ੍ਰਣਾਲੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਕਰਨਾਟਕ ’ਚ ਐਨ.ਐਚ.-275 ਦੇ ਬੈਂਗਲੁਰੂ-ਮੈਸੂਰ ਸੈਕਸ਼ਨ ਅਤੇ ਹਰਿਆਣਾ ’ਚ ਐਨ.ਐਚ.-709 ਦੇ ਪਾਣੀਪਤ-ਹਿਸਾਰ ਸੈਕਸ਼ਨ ’ਤੇ ਜੀ.ਐਨ.ਐਸ.ਐਸ. ਅਧਾਰਤ ਉਪਭੋਗਤਾ ਫੀਸ ਇਕੱਤਰ ਕਰਨ ਦੀ ਪ੍ਰਣਾਲੀ ’ਤੇ ਇਕ ਪਾਇਲਟ ਅਧਿਐਨ ਕੀਤਾ ਗਿਆ ਹੈ।