
ਉਨ੍ਹਾਂ ਕਿਹਾ ਕਿ “ਸੱਚਾਈ ਇਹ ਹੈ ਕਿ ਸੱਤਾ ਢਾਂਚੇ ਵਿਚ ਓਬੀਸੀ, ਦਲਿਤ ਅਤੇ ਆਦਿਵਾਸੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ
ਨਵੀਂ ਦਿੱਲੀ - ਅਕਸਰ ਵਿਆਹ ਦੇ ਸਵਾਲਾਂ ਦਾ ਸਾਹਮਣਾ ਕਰਨ ਵਾਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੇ ਕੰਮ ਅਤੇ ਕਾਂਗਰਸ ਪਾਰਟੀ ਦੇ ਅੰਦਰ ਇੰਨੇ ਰੁੱਝ ਗਏ ਹਨ ਕਿ ਉਹ ਵਿਆਹ ਬਾਰੇ ਸੋਚ ਹੀ ਨਹੀਂ ਸਕੇ। ਉਨ੍ਹਾਂ ਇਹ ਟਿੱਪਣੀ ਜੈਪੁਰ ਦੇ ਮਹਾਰਾਣੀ ਕਾਲਜ ਦੀਆਂ ਵਿਦਿਆਰਥਣਾਂ ਦੇ ਇੱਕ ਸਮੂਹ ਨਾਲ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ ਵਿਚ ਕੀਤੀ।
ਰਾਹੁਲ ਗਾਂਧੀ ਹਾਲ ਹੀ ਵਿਚ ਜੈਪੁਰ ਦੇ ਇਸ ਕਾਲਜ ਵਿੱਚ ਪੁੱਜੇ ਸਨ ਅਤੇ ਉੱਥੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਸੀ। ਉਹਨਾਂ ਨੇ ਇਕ ਵਿਦਿਆਰਥਣ ਨਾਲ ਸਕੂਟਰ ਦੀ ਵੀ ਸਵਾਰੀ ਕੀਤੀ ਸੀ। ਕਾਂਗਰਸ ਨੇਤਾ ਨੇ ਇਸ ਦੀ ਵੀਡੀਓ ਆਪਣੇ ਯੂਟਿਊਬ ਚੈਨਲ 'ਤੇ ਵੀ ਸ਼ੇਅਰ ਕੀਤੀ ਹੈ। ਇਸ ਗੱਲਬਾਤ ਦੌਰਾਨ ਇੱਕ ਵਿਦਿਆਰਥਣ ਨੇ ਪੁੱਛਿਆ, “ਸਰ, ਤੁਸੀਂ ਕਿੰਨੇ ਹੁਸ਼ਿਆਰ ਹੋ, ਇੰਨੇ ਸੋਹਣੇ ਦਿਖਦੇ ਹੋ, ਫਿਰ ਤੁਸੀਂ ਹੁਣ ਤੱਕ ਵਿਆਹ ਬਾਰੇ ਕਿਉਂ ਨਹੀਂ ਸੋਚਿਆ?”
ਇਸ ਦੇ ਜਵਾਬ ਵਿਚ ਕਾਂਗਰਸੀ ਆਗੂ ਨੇ ਕਿਹਾ ਕਿ ਕਿਉਂਕਿ ਮੈਂ ਆਪਣੇ ਕੰਮ ਅਤੇ ਕਾਂਗਰਸ ਪਾਰਟੀ ਵਿਚ ਪੂਰੀ ਤਰ੍ਹਾਂ ਰੁੱਝਿਆ ਹੋਇਆ ਹਾਂ। ਵਿਦਿਆਰਥਣਾਂ ਨੇ ਸਾਬਕਾ ਕਾਂਗਰਸ ਪ੍ਰਧਾਨ ਤੋਂ ਜਾਤੀ ਜਨਗਣਨਾ ਸਬੰਧੀ ਸਵਾਲ ਵੀ ਪੁੱਛੇ। ਇਸ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਜਾਤੀ ਜਨਗਣਨਾ ਦੇ ਹੱਕ 'ਚ ਹਨ ਕਿਉਂਕਿ ਇਹ ਜਾਤੀ ਜਨਗਣਨਾ ਇਕ 'ਐਕਸ-ਰੇ' ਵਰਗੀ ਹੈ ਜੋ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.), ਦਲਿਤਾਂ ਅਤੇ ਆਦਿਵਾਸੀ ਭਾਈਚਾਰਿਆਂ ਦੀ ਅਸਲ ਸਥਿਤੀ ਨੂੰ ਉਜਾਗਰ ਕਰੇਗੀ।
ਉਨ੍ਹਾਂ ਕਿਹਾ ਕਿ “ਸੱਚਾਈ ਇਹ ਹੈ ਕਿ ਸੱਤਾ ਢਾਂਚੇ ਵਿਚ ਓਬੀਸੀ, ਦਲਿਤ ਅਤੇ ਆਦਿਵਾਸੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਕੋਈ ਨਹੀਂ ਜਾਣਦਾ ਕਿ ਓਬੀਸੀ, ਦਲਿਤ, ਆਦਿਵਾਸੀ ਅਤੇ ਜਨਰਲ ਵਰਗ ਦੇ ਕਿੰਨੇ ਲੋਕ ਹਨ। ਜੇਕਰ ਤੁਸੀਂ ਜ਼ਖਮੀ ਹੋ ਜਾਂਦੇ ਹੋ, ਤਾਂ ਸਭ ਤੋਂ ਪਹਿਲਾਂ ਤੁਸੀਂ ਐਕਸ-ਰੇ ਕਰਵਾਉਂਦੇ ਹੋ..ਜਾਤੀ ਜਨਗਣਨਾ ਵੀ ਇੱਕ ਐਕਸ-ਰੇ ਹੈ।"
ਜਦੋਂ ਇਕ ਵਿਦਿਆਰਥਣ ਨੇ ਰਾਹੁਲ ਗਾਂਧੀ ਤੋਂ ਉਨ੍ਹਾਂ ਦੇ ਚਮਕਦੇ ਚਿਹਰੇ ਦਾ ਰਾਜ਼ ਪੁੱਛਣਾ ਚਾਹਿਆ ਤਾਂ ਕਾਂਗਰਸ ਨੇਤਾ ਨੇ ਕਿਹਾ ਕਿ ਉਹ ਆਪਣਾ ਚਿਹਰਾ ਧੋਣ ਲਈ ਸਾਬਣ ਅਤੇ ਕਰੀਮ ਦੀ ਵਰਤੋਂ ਨਹੀਂ ਕਰਦੇ, ਸਗੋਂ ਸਿਰਫ਼ ਪਾਣੀ ਨਾਲ ਆਪਣਾ ਚਿਹਰਾ ਸਾਫ਼ ਕਰਦੇ ਹਨ।