
ਜੰਮੂ-ਕਸ਼ਮੀਰ : ਸ਼ੋਪੀਆਂ 'ਚ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਵਲੋਂ ਦੋ ਅਤਿਵਾਦੀ ਢੇਰ
ਜੰਮੂ, 10 ਨਵੰਬਰ : ਮੰਗਲਵਾਰ ਨੂੰ ਸੁਰੱਖਿਆ ਬਲਾਂ ਨੂੰ ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਵਿਚ ਵੱਡੀ ਸਫ਼ਲਤਾ ਮਿਲੀ। ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆਂ ਨੂੰ ਮਾਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਅਤੇ ਇਸ ਦੇ ਨਾਲ ਹੀ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਸ਼ੋਪੀਆਂ ਦੇ ਕੁਤਪੋਰਾ ਖੇਤਰ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ, ਆਰਮੀ 34 ਆਰਆਰ ਅਤੇ ਸੀਆਰਪੀਐਫ ਦੀ ਸਾਂਝੀ ਸਰਚ ਟੀਮ ਨੇ ਤਲਾਸ਼ੀ ਅਭਿਆਨ ਚਲਾਇਆ।
ਅਤਿਵਾਦੀਆਂ ਨੇ ਖੁਦ ਨੂੰ ਘਿਰਿਆ ਦੇਖ ਕੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਦੋ ਅਤਿਵਾਦੀ ਮਾਰੇ ਗਏ ਹਨ। ਹਾਲਾਂਕਿ ਅਜੇ ਤਕ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਜਾਣਕਾਰੀ ਦਿੰਦੇ ਹੋਏ ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਅਤਿਵਾਦੀਆਂ ਨੂੰ ਪਹਿਲਾਂ ਸਮਰਪਣ ਕਰਨ ਦਾ ਮੌਕਾ ਦਿਤਾ ਗਿਆ ਸੀ, ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿਤਾ। (ਏਜੰਸੀ)
300 ਅਤਿਵਾਦੀ ਘੁਸਪੈਠ ਕਰਨ ਦੀ ਫਿਰਾਕ ਵਿਚ
ਇਸ ਦੇ ਨਾਲ ਹੀ ਕਸ਼ਮੀਰ ਘਾਟੀ ਨਾਲ ਲਗਦੇ ਕੰਟਰੋਲ ਰੇਖਾ ਦੇ ਪਾਰ ਪਾਕਿਸਤਾਨ ਵਿਚ ਬਣੇ ਅਤਿਵਾਦੀਆਂ ਦੇ ਲਾਂਚਿੰਗ ਪੈਡ ਫਿਰ ਤੋਂ ਸਰਗਰਮ ਹੋ ਗਏ ਹਨ। ਘੁਸਪੈਠ ਜ਼ੋਨ ਵਿਚ ਤਕਰੀਬਨ 300 ਅਤਿਵਾਦੀ ਹਨ। ਭਾਰਤੀ ਖੁਫੀਆ ਏਜੰਸੀਆਂ ਨੂੰ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ, ਪਾਕਿਸਤਾਨ 'ਚ ਬਜ਼ੁਰਗਾਂ ਨੇ ਅਪਣੇ ਖਾੜਕੂ ਕਮਾਂਡਰਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਬਰਫ਼ਬਾਰੀ ਕਾਰਨ ਘੁਸਪੈਠ ਦੇ ਰਾਹ ਬੰਦ ਹੋਣ ਤੋਂ ਪਹਿਲਾਂ ਅਤਿਵਾਦੀਆਂ ਨੂੰ ਘਾਟੀ 'ਚ ਧੱਕਣ ਦੀਆਂ ਕੋਸ਼ਿਸ਼ਾਂ 'ਚ ਤੇਜ਼ੀ ਲਿਆਂਦੀ ਜਾਵੇ।
ਬੀਐਸਐਫ ਦੇ ਏਡੀਜੀ ਸੁਰਿੰਦਰ ਪਵਾਰ ਨੇ ਦਸਿਆ ਕਿ ਇਨਪੁਟ ਦੇ ਅਨੁਸਾਰ ਫਿਲਹਾਲ ਲਗਭਗ 250 ਤੋਂ 300 ਅਤਿਵਾਦੀ ਲਾਂਚਿੰਗ ਪੈਡਾਂ 'ਚ ਘੁਸਪੈਠ ਕਰਨ ਲਈ ਤਿਆਰ ਹਨ ਪਰ ਕੰਟਰੋਲ ਰੇਖਾ 'ਤੇ ਤਾਇਨਾਤ ਸੈਨਾ ਅਤੇ ਬੀਐਸਐਫ ਅਤਿਵਾਦੀਆਂ ਦੀ ਹਰ ਹਰਕਤ 'ਤੇ ਨਜ਼ਰ ਰੱਖ ਰਹੀ ਹੈ। ਨਤੀਜੇ ਵਜੋਂ, ਇਸ ਸਾਲ ਅਤਿਵਾਦੀ ਘੁਸਪੈਠ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕੀਤਾ ਗਿਆ ਹੈ। (ਏਜੰਸੀ)