
ਦਿਨ ਵਿਚ ਹੀ ਛਾਇਆ ਹਨੇਰਾ, ਨੋਇਡਾ ਸੱਭ ਤੋਂ ਵੱਧ ਪ੍ਰਭਾਵਤ
ਨੋਇਡਾ, 10 ਨਵੰਬਰ : ਦਿੱਲੀ ਨਾਲ ਲਗਦੇ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਸਮੇਤ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ ਮੰਗਲਵਾਰ ਨੂੰ ਹਵਾ ਗੁਣਵੱਤਾ 'ਗੰਭੀਰ ਸ਼੍ਰੇਣੀ' 'ਚ ਬਣੀ ਹੋਈ ਹੈ। ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਵਧੇਰੇ ਹੋਣ ਦੀ ਵਜ੍ਹਾ ਕਰ ਕੇ ਦਿਨ ਵਿਚ ਵੀ ਹਨੇਰਾ ਛਾਇਆ ਹੋਇਆ ਹੈ। ਇਸ ਤਰ੍ਹਾਂ ਐੱਨ. ਸੀ. ਆਰ. ਦੇ 14 ਸ਼ਹਿਰ 'ਡਾਰਕ ਜ਼ੋਨ' ਜਾਂ ਖ਼ਤਰਨਾਕ ਸ਼੍ਰੇਣੀ ਵਿਚ ਹਨ। ਪ੍ਰਦੂਸ਼ਣ ਸੂਚਕਾਂਕ ਐਪ 'ਸਮੀਰ' ਮੁਤਾਬਕ ਰਾਸ਼ਟਰੀ ਰਾਜਧਾਨੀ ਖੇਤਰ ਦੇ ਪ੍ਰਮੁੱਖ ਸ਼ਹਿਰਾਂ ਵਿਚ ਨੋਇਡਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਰਿਹਾ। ਇਥੇ ਹਵਾ ਗੁਣਵੱਤਾ ਸੂਚਕਾਂਕ (ਏਅਰ ਕੁਆਲਿਟੀ ਇੰਡੈਕਸ) 492 ਦਰਜ ਕੀਤਾ ਗਿਆ।image
ਐਪ ਮੁਤਾਬਕ ਇਸ ਤਰ੍ਹਾਂ ਦਿੱਲੀ ਦਾ ਏ. ਕਿਊ. ਆਈ. 487, ਗਾਜ਼ੀਆਬਾਦ ਦਾ 474, ਆਗਰਾ ਦਾ 445, ਹਾਪੁੜ ਦਾ 402, ਫਰੀਦਾਬਾਦ ਦਾ 476, ਗੁਰੂਗ੍ਰਾਮ ਦਾ 466, ਬਹਾਦਰਗੜ੍ਹ ਦਾ 443 ਅਤੇ ਭਿਵਾਨੀ ਦਾ ਏ. ਕਿਊ. ਆਈ. 479 ਦਰਜ ਕੀਤਾ ਗਿਆ।
ਖੇਤਰੀ ਪ੍ਰਦੂਸ਼ਣ ਅਧਿਕਾਰੀ ਪ੍ਰਵੀਣ ਕੁਮਾਰ ਨੇ ਦਸਿਆ ਕਿ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਮਹਿੰਗੀਆਂ ਡੀਜ਼ਲ ਗੱਡੀਆਂ ਤੋਂ ਨਿਕਲਣ ਵਾਲਾ ਧੂੰਆਂ, ਨਿਰਮਾਣ ਗਤੀਵਿਧੀਆਂ ਅਤੇ ਸੜਕਾਂ 'ਤੇ ਉਡਣ ਵਾਲੀ ਧੂੜ ਹੈ। ਇਸ ਤੋਂ ਇਲਾਵਾ ਗੁਆਂਢੀ ਸੂਬਿਆਂ 'ਚ ਸਾੜੀ ਜਾ ਰਹੀ ਪਰਾਲੀ ਵੀ ਇਸ ਦਾ ਮੁੱਖ ਕਾਰਨ ਹੈ। ਉਨ੍ਹਾਂ ਦਸਿਆ ਕਿ ਨੋਇਡਾ ਅਥਾਰਟੀ ਅਤੇ ਉੱਤਰ ਪ੍ਰਦੇਸ਼ ਕੰਟਰੋਲ ਬੋਰਡ ਨੇ ਸੋਮਵਾਰ ਨੂੰ ਐੱਨ. ਜੀ. ਟੀ. ਦੇ ਨਿਯਮਾਂ ਦੇ ਉਲੰਘਣ ਅਤੇ ਪ੍ਰਦੂਸ਼ਣ ਫੈਲਾਉਣ 'ਤੇ ਵੱਖ-ਵੱਖ ਏਜੰਸੀਆਂ 'ਤੇ 29 ਲੱਖ 8 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ। (ਏਜੰਸੀ)