
ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਉਰਜਿਤ ਪਟੇਲ ਨੇ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਨੇ ਇਸ ਦੀ ਵਜ੍ਹਾ...
ਮੁੰਬਈ (ਭਾਸ਼ਾ) : ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਉਰਜਿਤ ਪਟੇਲ ਨੇ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਨੇ ਇਸ ਦੀ ਵਜ੍ਹਾ ਨਿੱਜੀ ਦੱਸੀ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਸਰਕਾਰ ਅਤੇ ਆਰਬੀਆਈ ਦੇ ਵਿਚ ਕਈ ਮੁੱਦਿਆਂ ਉਤੇ ਵਿਵਾਦ ਚੱਲ ਰਿਹਾ ਸੀ। ਸਰਕਾਰ ਨੇ ਆਰਬੀਆਈ ਐਕਟ ਦੀ ਧਾਰਾ 7 ਦਾ ਵੀ ਇਸਤੇਮਾਲ ਕੀਤਾ ਸੀ ਪਰ ਬਾਅਦ ਵਿਚ ਵਿਵਾਦ ਸੁਲਝਣ ਦੀ ਖ਼ਬਰ ਆਈ ਸੀ। 19 ਨਵੰਬਰ ਨੂੰ ਆਰਬੀਆਈ ਦੀ ਬੋਰਡ ਬੈਠਕ ਵਿਚ ਵਿਵਾਦ ਦੇ ਕੁੱਝ ਮੁੱਦਿਆਂ ਉਤੇ ਸਹਿਮਤੀ ਵੀ ਬਣ ਗਈ ਸੀ।
ਇਸ ਤੋਂ ਬਾਅਦ ਇਹ ਸ਼ੱਕ ਖ਼ਤਮ ਹੋ ਗਿਆ ਸੀ ਕਿ ਉਰਜਿਤ ਪਟੇਲ ਅਸਤੀਫ਼ਾ ਦੇਣਗੇ ਪਰ ਸੋਮਵਾਰ ਨੂੰ ਅਚਾਨਕ ਉਨ੍ਹਾਂ ਨੇ ਅਸਤੀਫ਼ੇ ਦਾ ਐਲਾਨ ਕਰ ਦਿਤਾ। ਉਰਜਿਤ ਪਟੇਲ ਨੇ ਕਿਹਾ, ਮੈਂ ਨਿੱਜੀ ਕਾਰਨਾਂ ਦੀ ਵਜ੍ਹਾ ਨਾਲ ਆਰਬੀਆਈ ਗਵਰਨਰ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ। ਇਹ ਤੁਰਤ ਪ੍ਰਭਾਵ ਤੋਂ ਲਾਗੂ ਮੰਨਿਆ ਜਾਵੇ। ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਨਾਲ ਕੰਮ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ।
ਉਨ੍ਹਾਂ ਨੇ ਕਿਹਾ, “ਮੈਂ ਰਿਜ਼ਰਵ ਬੈਂਕ ਵਿਚ ਅਪਣੇ ਸਾਰੇ ਸਾਥੀਆਂ ਅਤੇ ਬੋਰਡ ਡਾਇਰੈਕਟਰਸ ਦਾ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।” ਦੋ ਸਾਲ ਵਿਚ ਇਹ ਅਜਿਹਾ ਦੂਜਾ ਮੌਕਾ ਜਦੋਂ ਆਰਬੀਆਈ ਗਵਰਨਰ ਨੇ ਅਹੁਦਾ ਛੱਡਿਆ ਹੈ। ਇਸ ਤੋਂ ਪਹਿਲਾਂ ਰਘੂਰਾਮ ਰਾਜਨ ਨੇ ਜੂਨ 2016 ਵਿਚ ਗਵਰਨਰ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਉਨ੍ਹਾਂ ਨੇ ਸਤੰਬਰ 2016 ਵਿਚ ਕਾਰਜਕਾਲ ਪੂਰਾ ਹੋਣ ‘ਤੇ ਅਹੁਦਾ ਛੱਡਿਆ ਸੀ।