
ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੇ ਅਸਤੀਫ਼ੇ ਨੂੰ ਚੰਗਾ ਸੰਕੇਤ ਦੱਸਦੇ ਹੋਏ ਜਗਤਾਰ ਸਿੰਘ ਹਵਾਰਾ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਜਿਸ ਵਿਚ...
ਚੰਡੀਗੜ੍ਹ (ਸਸਸ) : ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੇ ਅਸਤੀਫ਼ੇ ਨੂੰ ਚੰਗਾ ਸੰਕੇਤ ਦੱਸਦੇ ਹੋਏ ਜਗਤਾਰ ਸਿੰਘ ਹਵਾਰਾ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਜਿਸ ਵਿਚ ਉਨ੍ਹਾਂ ਨੇ ਹੋਰ ਪੰਥਕ ਜਥੇਬੰਦੀਆਂ ਨੂੰ ਵੀ ਏਕਤਾ ਲਈ ਅੱਗੇ ਆਉਣ ਦੀ ਗੱਲ ਕਹੀ ਹੈ। ਪੱਤਰ ਵਿਚ ਉਨ੍ਹਾਂ ਨੇ ਕਿਹਾ, ਪੰਥ ਵਿਚ ਸਿਧਾਂਤਕ ਆਧਾਰ ਉੱਪਰ ਏਕਤਾ ਹਰ ਪੰਥ ਦਰਦੀ ਦੀ ਰੀਝ ਹੀ ਨਹੀਂ, ਸਗੋਂ ਲੋੜ ਵੀ ਹੈ। ਖੇਰੂੰ-ਖੇਰੂੰ ਹੋ ਕੇ ਵੀ ਸੰਘਰਸ਼ਸ਼ੀਲ ਕੌਮ ਓਨੀਆਂ ਪ੍ਰਾਪਤੀਆਂ ਨਹੀਂ ਕਰ ਸਕਦੀ, ਜਿੰਨੀਆਂ ਇਕ ਝੰਡੇ ਹੇਠ ਕਰ ਸਕਦੀ ਹੈ। ਇਸ ਲਈ ਪੰਥਕ ਏਕਤਾ ਹੀ ਸਾਡੀ ਸਭ ਦੀ ਚਾਹਤ ਅਤੇ ਲੋੜ ਹੈ।
Letterਇਸ ਵਿਚ ਉਨ੍ਹਾਂ ਨੇ ਦੱਸਿਆ, ਇਸ ਦਿਸ਼ਾ ਵਿਚ ਪਿਛਲੇ ਦਿਨੀਂ ਬਰਗਾੜੀ ਤੋਂ ਇਕ ਚੰਗਾ ਸੰਕੇਤ ਮਿਲਿਆ ਸੀ, ਪੰਥਕ ਏਕਤਾ ਦੀ ਗੱਲ ਚੱਲੀ ਸੀ। ਉਨ੍ਹਾਂ ਨੇ ਦੱਸਿਆ, 30 ਨਵੰਬਰ 2018 ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਜੇਲ੍ਹ ‘ਚ ਮੇਰੇ ਨਾਲ ਮੁਲਾਕਾਤ ਕਰ ਕੇ ਅਪਣਾ ਅਸਤੀਫ਼ਾ ਸੌਂਪ ਕੇ ਪੰਥਕ ਏਕਤਾ ਲਈ ਅਪਣੀਆਂ ਸੇਵਾਵਾਂ ਅਰਪਨ ਕਰ ਦਿਤੀਆਂ। ਉਨ੍ਹਾਂ ਨੇ ਪੱਤਰ ਵਿਚ ਦੱਸਿਆ ਕਿ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦਾ ਅਸਤੀਫ਼ਾ ਸਵਾਗਤ ਕਰਨਯੋਗ ਇਕ ਕਦਮ ਹੈ।
ਕਿਸੇ ਵੀ ਸਾਂਝੇ ਮਕਸਦ ਦੀ ਪੂਰਤੀ ਲਈ ‘ਹਉਮੈ’ ਛੱਡ ਕੇ ‘ਤਿਆਗ’ ਵਿਖਾਇਆ ਜਾਣਾ ਬਹੁਤ ਜ਼ਰੂਰੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਈ ਕਰਨੈਲ ਸਿੰਘ ਦੀ ਤਰਜ਼ ‘ਤੇ ਹੋਰ ਜਥੇਬੰਦੀਆਂ ਨੂੰ ਵੀ ਆਪੋ-ਅਪਣੇ ਅਸਤੀਫ਼ੇ ਦੇ ਕੇ ਪੰਥਕ ਏਕਤਾ ਦੇ ਲਈ ਸਮਰਪਿਤ ਹੋਣਾ ਚਾਹੀਦਾ ਹੈ। ਇਸ ਪੱਤਰ ਵਿਚ ਉਨ੍ਹਾਂ ਨੇ ਕਿਹਾ, ਜੇਕਰ ਇਕਦਮ ਹੀ ਜਥੇਬੰਦਕ ਢਾਂਚੇ ਭੰਗ ਕਰਨੇ ਮੁਸ਼ਕਲ ਹਨ ਤਾਂ ਇਕ ਹੀ ਨਿਸ਼ਾਨੇ ਨੂੰ ਸਮਰਪਿਤ ਜਥੇਬੰਦੀਆਂ ਆਪੋ-ਅਪਣੇ ਜਥੇਬੰਦਕ ਢਾਂਚੇ ਕਾਇਮ ਰੱਖਦੇ ਹੋਏ ਸਿਧਾਂਤਕ ਏਕਤਾ ਅਤੇ ਗਠਜੋੜ ਵੱਲ ਵਧਣ।
Letterਉਨ੍ਹਾਂ ਨੇ ਕਿਹਾ, ਸਾਂਝੇ ਪ੍ਰੋਗਰਾਮ ਉਲੀਕੇ ਜਾਣ, ਸਾਂਝੀ ਰਣਨੀਤੀ ਅਪਣਾਈ ਜਾਵੇ ਤੇ ਆਪਸੀ ਦੂਰੀਆਂ ਘੱਟ ਕੀਤੀਆਂ ਜਾਣ। ਸਾਂਝੇ ਤੇ ਸਰਬ ਸੰਮਤੀ ਨਾਲ ਪੰਥਕ ਫ਼ੈਸਲੇ ਲੈਣ ਦੀ ਪੰਥਕ ਰਵਾਇਤ ਮੁੜ ਸੁਰਜੀਤ ਕੀਤੀ ਜਾਵੇ। ਇਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਬਿਰਤੀ ਦਾ ਤਿਆਗ ਕਰਕੇ ਭਾਈਚਾਰੇ ਵਾਲਾ ਮਾਹੌਲ ਸਿਰਜਿਆ ਜਾਵੇ। ਉਨ੍ਹਾਂ ਨੇ ਕਿਹਾ, ਸਿੱਖ ਆਗੂਆਂ ਨੂੰ ਅਪਣੀਆਂ ਕੁਰਬਾਨੀਆਂ, ਅਪਣੀਆਂ ਕੌਮੀ ਪ੍ਰਾਪਤੀਆਂ ਦੇ ਨਾਲ-ਨਾਲ ਤਿਆਗ ਦੀ ਵੀ ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਜੇਕਰ ਤਿਆਗ ਦਾ ਗੁਣ ਨਾ ਹੋਵੇ ਤਾਂ ਬਾਕੀ ਦੇ ਗੁਣ ਵੀ ਫਿੱਕੇ ਪੈ ਜਾਂਦੇ ਹਨ।
ਇਸ ਪੱਤਰ ਦੇ ਅਖੀਰ ‘ਚ ਉਨ੍ਹਾਂ ਨੇ ਸਿੱਖ ਜਥੇਬੰਦੀਆਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ, ਸਾਡੇ ਗੁਰੂ, ਸਾਡੇ ਪਿਤਾ ਗੁਰੂ ਗੋਬਿੰਦ ਜੀ ਨੇ ਇੰਨਾ ਤਿਆਗ ਵਿਖਾਇਆ ਕਿ ਉਨ੍ਹਾਂ ਨੇ ਗੁਰੂ ਵਾਲਾ ਰੁਤਬਾ ਤਿਆਗ ਕੇ ਅਪਣੇ ਆਪ ਨੂੰ ਪੰਥ ਦਾ ਚੇਲਾ ਅਖਵਾਉਣਾ ਵੀ ਪ੍ਰਵਾਨ ਕਰ ਲਿਆ, ਪਰ ਜੇ ਅਸੀਂ ਅੱਜ ਪੰਥ ਲਈ ਪ੍ਰਧਾਨਗੀਆਂ ਤੇ ਸਕੱਤਰੀਆਂ ਦਾ ਤਿਆਗ ਵੀ ਨਹੀਂ ਕਰ ਸਕਦੇ ਤਾਂ ਫਿਰ ਕਿਸ ਮੂੰਹ ਨਾਲ ਉਸ ਗੁਰੂ ਦੇ ਸਿੱਖ ਤੇ ਉਸ ਮਹਾਨ ਗੁਰੂ ਸਾਹਿਬ ਦੇ ਪੁੱਤਰ ਅਖਵਾਵਾਂਗੇ।