
ਇਸ ਤੋਂ ਇਲਾਵਾ ਐਨ.ਆਈ.ਏ. ਨੇ ਬਠਿੰਡਾ 'ਚ ਗੈਂਗਸਟਰ ਹੈਰੀ ਮੌੜ ਦੇ ਘਰ ਛਾਪਾ ਮਾਰਿਆ ਹੈ।
NIA Raid News: ਕੌਮੀ ਜਾਂਚ ਏਜੰਸੀ (NIA) ਦੀਆਂ ਟੀਮਾਂ ਨੇ ਵੀਰਵਾਰ ਸਵੇਰੇ ਪੰਜਾਬ ਦੇ ਬਠਿੰਡਾ ਅਤੇ ਹਰਿਆਣਾ ਦੇ ਸੋਨੀਪਤ 'ਚ ਛਾਪੇਮਾਰੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਐਨ.ਆਈ.ਏ. ਦੀ ਟੀਮ ਅੱਜ ਸਵੇਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰਾਂ ਅੰਕਿਤ ਸੇਰਸਾ ਅਤੇ ਪ੍ਰਿਅਵਰਤ ਫੌਜੀ ਦੇ ਘਰ ਪਹੁੰਚੀ।
ਇਥੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਪ੍ਰਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਕਰੀਬ 2 ਘੰਟੇ ਤਕ ਚੱਲੀ। ਇਸ ਤੋਂ ਇਲਾਵਾ ਐਨ.ਆਈ.ਏ. ਨੇ ਬਠਿੰਡਾ 'ਚ ਗੈਂਗਸਟਰ ਹੈਰੀ ਮੌੜ ਦੇ ਘਰ ਛਾਪਾ ਮਾਰਿਆ ਹੈ। ਫਿਲਹਾਲ ਕਿਸੇ ਨੂੰ ਵੀ ਘਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ, ਜਾਂਚ ਏਜੰਸੀ ਨੇ ਹੈਰੀ ਮੌੜ ਦਾ ਘਰ ਸੀਲ ਕਰ ਦਿਤਾ ਹੈ। ਹੈਰੀ ਮੌੜ ਕਈ ਗੰਭੀਰ ਅਪਰਾਧਕ ਮਾਮਲਿਆਂ ਵਿਚ ਸ਼ਾਮਲ ਹਨ। ਕੁੱਝ ਸਮਾਂ ਪਹਿਲਾਂ ਵੀ ਜਾਂਚ ਏਜੰਸੀ ਦੀਆਂ ਟੀਮਾਂ ਉਸ ਦੇ ਘਰ ਪਹੁੰਚੀਆਂ ਸਨ।
ਮਰਹੂਮ ਗਾਇਕ ਨੂੰ ਗੋਲੀ ਮਾਰਨ ਵਾਲਾ ਸ਼ੂਟਰ ਅੰਕਿਤ ਸੋਨੀਪਤ ਦੇ ਪਿੰਡ ਸੇਰਸਾ ਦਾ ਵਸਨੀਕ ਹੈ ਅਤੇ ਪ੍ਰਿਆਵਰਤ ਫ਼ੌਜੀ ਪਿੰਡ ਗੜ੍ਹੀ ਸਿਸਾਣਾ ਦਾ ਰਹਿਣ ਵਾਲਾ ਹੈ। ਐਨ.ਆਈ.ਏ. ਦੀ ਟੀਮ ਸਵੇਰੇ 5 ਵਜੇ ਦੋਹਾਂ ਦੇ ਘਰ ਪਹੁੰਚੀ। ਐਨ.ਆਈ.ਏ. ਅਧਿਕਾਰੀਆਂ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਦੋਵਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਸਵੇਰੇ ਕਰੀਬ 7 ਵਜੇ ਤਕ ਜਾਰੀ ਰਹੀ।
ਇਸ ਤੋਂ ਪਹਿਲਾਂ ਵੀ ਐਨ.ਆਈ.ਏ. ਨੇ ਦੋਵਾਂ ਦੇ ਘਰਾਂ 'ਤੇ ਤਿੰਨ ਵਾਰ ਛਾਪੇਮਾਰੀ ਕੀਤੀ ਸੀ। ਇਸ ਤੋਂ ਇਲਾਵਾ ਸਥਾਨਕ ਪੁਲਿਸ ਵੀ ਇਨ੍ਹਾਂ ਪਿੰਡਾਂ ਵਿਚ ਲਗਾਤਾਰ ਗਸ਼ਤ ਕਰਦੀ ਰਹਿੰਦੀ ਹੈ। ਹਾਲਾਂਕਿ ਪ੍ਰਵਾਰਕ ਮੈਂਬਰ ਫਿਲਹਾਲ ਜਾਂਚ ਬਾਰੇ ਕੁੱਝ ਵੀ ਦੱਸਣ ਨੂੰ ਤਿਆਰ ਨਹੀਂ ਹਨ।
ਜ਼ਿਕਰਯੋਗ ਹੈ ਕਿ ਅੰਕਿਤ ਸੇਰਸਾ ਨੇ 9ਵੀਂ ਜਮਾਤ ਤਕ ਹੀ ਪੜ੍ਹਾਈ ਕੀਤੀ ਹੈ। ਉਸ ਨੇ ਕਤਲ ਤੋਂ ਪਹਿਲਾਂ ਗੋਲੀਆਂ ਨਾਲ ਸਿੱਧੂ ਮੂਸੇਵਾਲਾ ਦਾ ਨਾਂਅ ਲਿਖ ਕੇ ਫੋਟੋ ਵੀ ਖਿਚਵਾਈ ਸੀ। ਅੰਕਿਤ ਨੇ ਹੀ ਸਿੱਧੂ ਮੂਸੇਵਾਲਾ ਦੇ ਸੱਭ ਤੋਂ ਨੇੜੇ ਤੋਂ ਗੋਲੀਆਂ ਚਲਾਈਆਂ ਸਨ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਸ ਨੇ ਅਪਣੇ ਦੋਵੇਂ ਹੱਥਾਂ ਵਿਚ ਪਿਸਤੌਲ ਨਾਲ ਮੂਸੇਵਾਲਾ 'ਤੇ ਕਈ ਗੋਲੀਆਂ ਚਲਾਈਆਂ। ਕਤਲ ਤੋਂ ਬਾਅਦ ਉਹ ਗੁਜਰਾਤ ਭੱਜ ਗਿਆ। ਜਦੋਂ ਉਹ ਗੁਜਰਾਤ ਤੋਂ ਦਿੱਲੀ ਆਇਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਖ਼ਬਰਾਂ ਅਨੁਸਾਰ ਐਨ.ਆਈ.ਏ. ਨੇ ਪਲਵਲ ਦੇ ਹੋਡਲ ਸਬ-ਡਿਵੀਜ਼ਨ ਦੇ ਪਿੰਡ ਕਰਮਨ ਵਿਚ ਸਰਪੰਚ ਦੇ ਘਰ ਛਾਪਾ ਮਾਰਿਆ ਹੈ। ਸਰਪੰਚ ਸਰੋਜ ਦੇ ਜੀਜਾ ਅਨਿਲ ਦੇ ਬੰਬੀਹਾ ਗੈਂਗ ਦੇ ਗੈਂਗਸਟਰ ਨੀਰਜ ਫ਼ਿਰੋਜ਼ਪੁਰੀਆ ਨਾਲ ਸਬੰਧ ਦੱਸੇ ਜਾਂਦੇ ਹਨ। ਐਨ.ਆਈ.ਏ. ਦੀ ਟੀਮ ਵੀਰਵਾਰ ਸਵੇਰੇ 5.30 ਵਜੇ ਅਨਿਲ ਦੇ ਘਰ ਪਹੁੰਚੀ ਸੀ।
(For more Punjabi news apart from NIA raid on Sidhu Moosewala's accused Ankit Sersa and Priyavrat Fauji, stay tuned to Rozana Spokesman)