
ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਹਮਲਾ ਕਰਦੇ ਹੋਏ ਕਿਹਾ ਕਿ ਇਹ ‘‘ਬਦਲੇ ਦਾ ਮੋਦੀ ਮੰਤਰ’’ ਹੈ।
Congress News: ਨਵੀਂ ਦਿੱਲੀ : ਕਾਂਗਰਸ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵਲੋਂ ਕਰਨਾਕਟ ਦੀ ਝਾਕੀ ਨੂੰ ਗਣਤੰਤਰ ਦਿਵਸ ਪਰੇਡ ’ਚ ਸ਼ਾਮਲ ਕਰਨ ਦੀ ਇਜਾਜ਼ਤ ਇਸ ਲਈ ਨਹੀਂ ਦਿਤੀ ਗਈ ਕਿਉਂਕਿ ਮਈ 2023 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਨੂੰ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਭੁੱਲ ਨਹੀਂ ਸਕੇ ਹਨ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਹਮਲਾ ਕਰਦੇ ਹੋਏ ਕਿਹਾ ਕਿ ਇਹ ‘‘ਬਦਲੇ ਦਾ ਮੋਦੀ ਮੰਤਰ’’ ਹੈ। ਉਨ੍ਹਾਂ ਐਕਸ ’ਤੇ ਪੋਸਟ ਕੀਤਾ ‘‘ਇਹ ਬਦਲੇ ਦਾ ਮੋਦੀ ਮੰਤਰ ਹੈ। ਮਈ 2023 ’ਚ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੂੰ ਨਿਜੀ ਤੌਰ ’ਤੇ ਅਤੇ ਉਨ੍ਹਾਂ ਦੀ ਪਾਰਟੀ ਨੂੰ ਮਿਲੀ ਕਰਾਰੀ ਹਾਰ ਨੂੰ ਉਹ ਨਾ ਤਾਂ ਭੁਲਾ ਸਕੇ ਹਨ ਅਤੇ ਨਾ ਹੀ ਮਾਫ਼ ਕੀਤਾ ਹੈ। ’’
ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਕੇਂਦਰ ਸਰਕਾਰ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ’ਚ ਰਾਜ ਦੀ ਝਾਕੀ ਨੂੰ ਮੌਕ ਨਾ ਦੇ ਕੇ ਸੱਤ ਕਰੋੜ ਕੰਨੜ ਭਾਸ਼ੀਆਂ ਦਾ ਅਪਮਾਨ ਕੀਤਾ ਹੈ। ਮੁੱਖ ਮੰਤਰੀ ਦੇ ਮੁਤਾਬਕ ਕਰਨਾਟਕ ਤੋਂ ਕਈ ਝਾਕੀਆਂ ਦੇ ਪ੍ਰਸਤਾਵ ਭੇਜੇ ਗਏ ਸਨ ਪਰ ਕੇਂਦਰ ਸਰਕਾਰ ਨੇ ਸਾਰੇ ਰੱਦ ਕਰ ਦਿਤੇ ਹਨ। ਸਿੱਧਰਮਈਆ ਨੇ ਦੋਸ਼ ਲਾਇਆ ਸੀ ਕਿ ਅਸਲ ਗੱਲ ਇਹ ਹੈ ਕਿ ਰਾਜ ਵਿਚ ਕਾਂਗਰਸ ਦੀ ਸੱਤਾ ਹੈ ਅਤੇ ਅਜਿਹਾ ਲਗਦਾ ਹੈ ਕਿ ਇਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ।