
ਜ਼ਹਿਰੀਲੀ ਸ਼ਰਾਬ ਕਾਂਡ 'ਚ ਐਤਵਾਰ ਨੂੰ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ.....
ਰੁੜਕੀ (ਉੱਤਰਾਖੰਡ) : ਜ਼ਹਿਰੀਲੀ ਸ਼ਰਾਬ ਕਾਂਡ 'ਚ ਐਤਵਾਰ ਨੂੰ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਿਛਲੇ ਹਫ਼ਤੇ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਦੋ ਗੁਆਂਢੀ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 70 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਕਿਹਾ ਕਿ ਹਰਿਦੁਆਰ ਦੇ ਇਕ ਪਿੰਡ 'ਚ ਵੀਰਵਾਰ ਦੀ ਸ਼ਾਮ ਜ਼ਹਿਰੀਲੀ ਸ਼ਰਾਬ ਪੀਣ ਕਰ ਕੇ ਹੁਣ ਤਕ ਉੱਤਰਾਖੰਡ 'ਚ 36 ਅਤੇ ਉੱਤਰ ਪ੍ਰਦੇਸ਼ 'ਚ ਵੀ ਏਨੀ ਹੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਪਿਤਾ-ਪੁੱਤਰ (ਲੜੀਵਾਰ ਫ਼ਕੀਰਾ ਅਤੇ ਸੋਨੂ) ਨੇ ਜਾਂਚਕਰਤਾਵਾਂ ਨੂੰ ਦਸਿਆ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਤੋਂ
UK & UP Alchohal case
ਨਾਜਾਇਜ਼ ਸ਼ਰਾਬ ਖ਼ਰੀਦੀ ਸੀ ਅਤੇ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਇਕ ਪਿੰਡ ਬਾਲੂਪੁਰ ਅਤੇ ਇਸ ਦੇ ਆਸਪਾਸ ਦੇ ਪਿੰਡਾਂ 'ਚ ਵੇਚ ਦਿਤਾ। ਸਹਾਰਨਪੁਰ ਦੇ ਪੁੰਡੇਨ ਪਿੰਡ ਦੇ ਉਨ੍ਹਾਂ ਵਾਸੀਆਂ ਦੀ ਭਾਲ ਜਾਰੀ ਹੈ ਜਿਨ੍ਹਾਂ ਨੇ ਨਾਜਾਇਜ਼ ਸ਼ਰਾਬ ਬਣਾਈ ਸੀ। ਹਰਿਦੁਆਰ ਦੇ ਐਸ.ਐਸ.ਪੀ. ਜਨਮੰਜੇ ਖੰਡੂਰੀ ਅਤੇ ਸਹਾਰਨਪੁਰ ਦੇ ਐਸ.ਐਸ.ਪੀ. ਦਿਨੇਸ਼ ਕੁਮਾਰ ਨੇ ਸਾਂਝੇ ਤੌਰ 'ਤੇ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਮੁਲਜ਼ਮ ਬਾਲੂਪੁਰ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਨੇ ਕਿਹਾ ਕਿ ਜੋ ਸ਼ਰਾਬ ਉਨ੍ਹਾਂ ਨੇ ਖ਼ਰੀਦੀ ਸੀ ਉਸ ਦਾ ਰੰਗ ਦੁੱਧ ਵਰਗਾ ਸੀ ਅਤੇ ਇਸ 'ਚੋਂ ਡੀਜ਼ਲ ਦੀ ਬੋ ਆ ਰਹੀ ਸੀ। ਮਰਨ ਵਾਲੇ ਲੋਕ ਉੱਤਰਾਖੰਡ ਦੇ ਹਰਿਦੁਆਰ ਅਤੇ ਉੱਤਰ
ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਅਪਣੇ ਇਕ ਰਿਸ਼ਤੇਦਾਰ ਦੀ 'ਤੇਰ੍ਹਵੀਂ' ਮਗਰੋਂ ਵੀਰਵਾਰ ਦੀ ਸ਼ਾਮ ਨੂੰ ਸ਼ਰਾਬ ਪੀਤੀ ਸੀ। ਉਧਰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹ 'ਚ ਸ਼ਰਾਬ ਦੀ ਤਸਕਰੀ ਅਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ਵਿਰੁਧ ਚਲਾਈ ਮੁਹਿੰਮ ਤਹਿਤ ਬੀਤੇ 24 ਘੰਟਿਆਂ ਦੌਰਾਨ 30 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਸ਼ਾਸਨ ਦੀ ਕਾਰਵਾਈ 'ਚ 192 ਲਿਟਰ ਦੇਸੀ ਸ਼ਰਾਬ, 389 ਲਿਟਰ ਨਾਜਾਇਜ਼ ਕੱਚੀ ਸ਼ਰਾਬ, 2700 ਲਿਟਰ ਲਾਹਣ ਨਸ਼ਟ ਕੀਤੀ ਗਈ ਜਦਕਿ ਸ਼ਰਾਬ ਬਣਾਉਣ ਦੀਆਂ ਪੰਜ ਭੱਠੀਆਂ ਨੂੰ ਵੀ ਪ੍ਰਸ਼ਾਸਨ ਨੇ ਨਸ਼ਟ ਕੀਤਾ। (ਪੀਟੀਆਈ)