
ਰਾਜਸਥਾਨ ਵਿਚ ਪੰਜ ਫ਼ੀ ਸਦੀ ਰਾਖਵਾਂਕਰਨ ਨੂੰ ਲੈ ਕੇ ਗੁਰਜਰ ਆਗੂ ਐਤਵਾਰ ਨੂੰ ਤੀਜੇ ਦਿਨ ਹਿੰਸਕ ਹੋ ਗਿਆ.....
ਜੈਪੁਰ : ਰਾਜਸਥਾਨ ਵਿਚ ਪੰਜ ਫ਼ੀ ਸਦੀ ਰਾਖਵਾਂਕਰਨ ਨੂੰ ਲੈ ਕੇ ਗੁਰਜਰ ਆਗੂ ਐਤਵਾਰ ਨੂੰ ਤੀਜੇ ਦਿਨ ਹਿੰਸਕ ਹੋ ਗਿਆ। ਇਸ ਦੌਰਾਨ ਧੌਲਪੁਰ 'ਚ ਕੁੱਝ ਸ਼ਰਾਰਤੀ ਤੱਤਾਂ ਨੇ ਪੁਲਿਸ ਦੀਆਂ ਤਿੰਨ ਗੱਡੀਆਂ ਨੂੰ ਅੱਗ ਲਾ ਦਿਤੀ ਅਤੇ ਹਵਾ 'ਚ ਗੋਲੀਆਂ ਚਲਾਈਆਂ। ਪ੍ਰਸ਼ਾਸਨ ਨੇ ਅਹਿਤਿਆਤ ਵਜੋਂ ਗੁੱਜਰ ਬਹੁਗਿਣਤੀ ਧੌਲਪੁਰ ਅਤੇ ਕਰੌਲੀ ਜ਼ਿਲ੍ਹੇ 'ਚ ਧਾਰਾ 144 ਲਾ ਦਿਤੀ ਹੈ। ਇਸ ਦੌਰਾਨ ਸਰਕਾ ਅਤੇ ਅੰਦੋਲਨਕਾਰੀਆਂ ਵਿਚਾਕਰ ਕੋਈ ਨਵਾਂ ਸੰਵਾਦ ਨਹੀਂ ਹੋਇਆ। ਹਾਲਾਂਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਗੁੱਜਰ ਆਗੂਆਂ ਨੂੰ ਅੱਗੇ ਆ ਕੇ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਪਰ ਗੁੱਜਰ ਆਗੂ ਇਸ ਲਈ ਤਿਆਰ ਨਹੀਂ ਦਿਸੇ।
ਅੰਦੋਲਨਕਾਰੀਆਂ ਨੇ ਧੌਲਪੁਰ ਜ਼ਿਲ੍ਹੇ ਦੇ ਆਗਰਾ-ਮੁਰੈਨਾ ਸ਼ਾਹਰਾਹ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਝੜੱਪ ਹੋ ਗਈ। ਭੜਕੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਤਿੰਨ ਗੱਡੀਆਂ ਨੂੰ ਅੱਗ ਲਾ ਦਿਤੀ। ਧੌਲਪੁਰ ਦੇ ਪੁਲਿਸ ਸੂਪਰਡੈਂਟ ਅਜੈ ਸਿੰਘ ਨੇ ਕਿਹਾ ਕਿ ਕੁੱਝ ਅਸਮਾਜਕ ਤੱਤਾਂ ਨੇ ਆਗਰਾ ਮੁਰੈਨਾ ਸ਼ਾਹਰਾਹ ਨੂੰ ਰੋਕ ਦਿਤਾ। ਉਨ੍ਹਾਂ ਅਨੁਸਾਰ ਕੁੱਝ ਹੁੜਦੰਗੀਆਂ ਨੇ ਹਵਾ 'ਚ ਗੋਲੀਆਂ ਚਲਾਈਆਂ। ਇਨ੍ਹਾਂ ਲੋਕਾਂ ਨੇ ਪੁਲਿਸ ਦੀ ਇਕ ਬਸ ਸਮੇਤ ਤਿੰਨ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿਤਾ। ਪੱਥਰਬਾਜ਼ੀ 'ਚ ਚਾਰ ਜਵਾਨਾਂ ਨੂੰ ਸੱਟਾਂ ਵੀ ਲਗੀਆਂ।
ਪੁਲਿਸ ਨੇ ਅੰਦੋਲਨਕਾਰੀਆਂ ਨੂੰ ਭਜਾਉਣ ਲਈ ਹਵਾ 'ਚ ਗੋਲੀਆਂ ਚਲਾਈਆਂ। ਲਗਭਗ ਇਕ ਘੰਟੇ ਮਗਰੋਂ ਇਸ ਸ਼ਾਹਰਾਹ 'ਤੇ ਆਵਾਜਾਈ ਬਹਾਲ ਕਰ ਦਿਤੀ ਗਈ। ਅੰਦੋਲਨ ਦਾ ਅਸਰ ਰੇਲ ਸੇਵਾਵਾਂ 'ਤੇ ਵੀ ਪਿਆ। ਅੰਦੋਲਨ ਕਰ ਕੇ ਘੱਟ ਤੋਂ ਘੱਟ 20 ਰੇਲ ਗੱਡੀਆਂ ਰੱਦ ਕਰ ਦਿਤੀਆਂ ਗਈਆਂ ਅਤੇ 7 ਦੇ ਰਾਹ ਬਦਲ ਦਿਤੇ ਗਏ। ਉੱਤਰ-ਪਛਮੀ ਰੇਲਵੇ ਦੇ ਬੁਲਾਰੇ ਨੇ ਕਿਹਾ ਕਿ ਅੰਦੋਲਨ ਕਰ ਕੇ ਉਦੈਪੁਰ ਤੋਂ ਹਜ਼ਰਤ ਨਿਜ਼ਾਮੂਦੀਨ ਅਤੇ ਹਜ਼ਰਤ ਨਿਜ਼ਾਮੂਦੀਨ ਤੋਂ ਉਦੈਪੁਰ ਵਿਚਕਾਰ ਚੱਲਣ ਵਾਲੀਆਂ ਰੇਲ ਗੱਡੀਆਂ ਨੂੰ ਰੱਦ ਕਰ ਦਿਤਾ ਗਿਆ। ਇਸ ਪਟੜੀ 'ਤੇ ਸੱਤ ਰੇਲ ਗੱਡੀਆਂ ਦਾ ਰਾਹ ਵੀ ਬਦਲ ਦਿਤ ਗਿਆ। (ਪੀਟੀਆਈ)