
ਸੀ.ਆਈ.ਐਸ.ਐਫ਼. ਦੇ ਏ.ਐਸ.ਆਈ. ਨੂੰ ਕੀਤੀ 3 ਲੱਖ ਰੁਪਏ ਰਿਸ਼ਵਤ ਦੀ ਪੇਸ਼ਕਸ਼
ਨਵੀਂ ਦਿੱਲੀ - ਚੇਨਈ ਜਾਣ ਵਾਲੇ ਤਿੰਨ ਭਾਰਤੀ ਯਾਤਰੀਆਂ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ਼.) ਨੇ ਕਥਿਤ ਤੌਰ 'ਤੇ ਆਰ.ਬੀ.ਆਈ. ਦੇ 'ਜਾਅਲੀ' ਦਸਤਾਵੇਜ਼ ਲੈ ਕੇ ਜਾਣ, ਅਤੇ ਇਨ੍ਹਾਂ ਕਾਗ਼ਜ਼ਾਂ ਬਾਰੇ ਪੁੱਛਗਿੱਛ ਕਰਨ ਵਾਲੇ ਇੱਕ ਜਵਾਨ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀਆਂ ਨੂੰ ਦਿੱਲੀ ਪੁਲਿਸ ਨੇ ਜਾਅਲਸਾਜ਼ੀ ਅਤੇ ਅਧਿਕਾਰਤ ਦਸਤਾਵੇਜ਼ ਦੀ ਨਕਲ ਨਾਲ ਸੰਬੰਧਿਤ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਸ਼ੁੱਕਰਵਾਰ ਸ਼ਾਮ ਨੂੰ ਸੀ.ਆਈ.ਐਸ.ਐਫ਼. ਦੇ ਸਹਾਇਕ ਸਬ-ਇੰਸਪੈਕਟਰ ਹਰੀ ਕਿਸ਼ਨ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 3 'ਤੇ ਯਾਤਰੀ ਸੁਰੱਖਿਆ ਜਾਂਚ ਦੌਰਾਨ ਭਾਰਤ ਦੀ ਕੌਮੀ ਪਛਾਣ ਅਸ਼ੋਕ ਸਤੰਭ ਤੋਂ ਲਏ ਗਏ ਸ਼ੇਰ ਦੇ ਚਿੰਨ੍ਹ, ਭਾਰਤੀ ਰਿਜ਼ਰਵ ਬੈਂਕ ਦੇ ਲੋਗੋ, ਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਨਾਂਅ ਵਾਲੇ ਇੱਕ 'ਜਾਅਲੀ' ਦਸਤਾਵੇਜ਼ ਸਮੇਤ ਸ਼ੱਕੀ ਦਸਤਾਵੇਜ਼ਾਂ ਦਾ ਪਤਾ ਲਗਾਇਆ।
ਸੀ.ਆਈ.ਐਸ.ਐਫ਼. ਦੇ ਬੁਲਾਰੇ ਨੇ ਕਿਹਾ, "ਜਦੋਂ ਯਾਤਰੀਆਂ ਨੂੰ ਇਨ੍ਹਾਂ ਦਸਤਾਵੇਜ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਤਸੱਲੀਬਖਸ਼ ਜਵਾਬ ਨਹੀਂ ਦਿੱਤੇ ਅਤੇ ਏ.ਐਸ.ਆਈ. ਹਰੀ ਕਿਸ਼ਨ ਨੂੰ ਤਿੰਨ ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ। ਅਧਿਕਾਰੀ ਨੇ ਉਨ੍ਹਾਂ ਨੂੰ ਝਿੜਕਿਆ ਅਤੇ ਹਵਾਈ ਅੱਡੇ 'ਤੇ ਆਪਣੇ ਉੱਚ-ਅਧਿਕਾਰੀਆਂ ਨੂੰ ਸੂਚਿਤ ਕੀਤਾ।
ਚੇਨਈ ਜਾਣ ਵਾਲੇ ਤਿੰਨ ਯਾਤਰੀਆਂ ਨੂੰ ਸੀ.ਆਈ.ਐਸ.ਐਫ਼. ਦੇ ਜਵਾਨਾਂ ਨੇ ਸਪਾਈਸਜੈੱਟ ਤੋਂ ਉਤਾਰਨ ਤੋਂ ਬਾਅਦ ਹਿਰਾਸਤ ਵਿੱਚ ਲਿਆ।
ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਐਫ਼.ਆਈ.ਆਰ. ਦਰਜ ਕੀਤੀ ਅਤੇ ਅਗਲੇਰੀ ਜਾਂਚ ਲਈ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਡਾਇਰੈਕਟਰ ਜਨਰਲ ਸੀ.ਆਈ.ਐਸ.ਐਫ਼. ਨੇ ਇਹ ਸ਼ਲਾਘਾਯੋਗ ਕੰਮ ਕਰਨ ਲਈ ਏ.ਐਸ.ਆਈ ਹਰੀ ਕਿਸ਼ਨ ਨੂੰ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।