
ਗਊ ਨੂੰ ਜਾਨਵਰਾਂ ਦੀ ਸ਼੍ਰੇਣੀ ਤੋਂ ਹਟਾਉਣ ਅਤੇ ਗਊ ਹਤਿਆ ਨੂੰ ਅਪਰਾਧ ਬਣਾਉਣ ਦੀ ਮੰਗ ਕੀਤੀ
ਮਹਾਕੁੰਭ ਨਗਰ : ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਨੂੰ ਦੇਸ਼ ’ਚ ਗਊ ਹੱਤਿਆ ’ਤੇ ਪਾਬੰਦੀ ਲਗਾਉਣ ਅਤੇ ਗਊ ਨੂੰ ‘ਰਾਸ਼ਟਰ ਮਾਤਾ’ ਐਲਾਨਣ ’ਤੇ ਫ਼ੈਸਲਾ ਲੈਣ ਲਈ 33 ਦਿਨਾਂ ਦਾ ਸਮਾਂ ਦਿਤਾ ਹੈ।
ਸ਼ੰਕਰਾਚਾਰੀਆ ਕੈਂਪ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜਗਦਗੁਰੂ ਸ਼ੰਕਰਾਚਾਰੀਆ ਨੇ ਕਿਹਾ, ‘‘ਸ਼ਾਸਤਰਾਂ ’ਚ ਜ਼ਿਕਰ ਹੈ ਕਿ ਗਊ ਦੇ ਸਰੀਰ ’ਚ 33 ਕਰੋੜ ਦੇਵੀ-ਦੇਵਤੇ ਰਹਿੰਦੇ ਹਨ। ਅਸੀਂ ਪਿਛਲੇ ਡੇਢ ਸਾਲ ਤੋਂ ਗਊ ਨੂੰ ‘ਰਾਸ਼ਟਰ ਮਾਤਾ’ ਐਲਾਨਣ ਲਈ ਅੰਦੋਲਨ ਚਲਾ ਰਹੇ ਹਾਂ। ਹੁਣ ਅਸੀਂ ਮਾਘੀ ਪੂਰਨਿਮਾ ਦੇ ਅਗਲੇ ਦਿਨ (ਵੀਰਵਾਰ) ਤੋਂ 33 ਦਿਨਾਂ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ ਹੈ।’’
ਉਨ੍ਹਾਂ ਕਿਹਾ, ‘‘33 ਦਿਨਾਂ ਦੀ ਇਹ ਯਾਤਰਾ 17 ਮਾਰਚ ਨੂੰ ਦਿੱਲੀ ’ਚ ਸਮਾਪਤ ਹੋਵੇਗੀ। ਕੇਂਦਰ ਸਰਕਾਰ ਕੋਲ ਫੈਸਲਾ ਲੈਣ ਲਈ 33 ਦਿਨ ਹਨ। ਜੇਕਰ ਉਹ ਇਨ੍ਹਾਂ 33 ਦਿਨਾਂ ’ਚ ਕੋਈ ਫੈਸਲਾ ਨਹੀਂ ਲੈਂਦੇ ਤਾਂ ਅਸੀਂ 17 ਮਾਰਚ ਨੂੰ ਸ਼ਾਮ 5 ਵਜੇ ਤੋਂ ਬਾਅਦ ਸਖਤ ਫੈਸਲਾ ਲਵਾਂਗੇ।’’
ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਕਿਹਾ, ‘‘ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਗਊ ਨੂੰ ਜਾਨਵਰਾਂ ਦੀ ਸ਼੍ਰੇਣੀ ਤੋਂ ਹਟਾ ਕੇ ਰਾਸ਼ਟਰ ਮਾਤਾ ਐਲਾਨਿਆ ਜਾਵੇ ਅਤੇ ਗਊ ਹੱਤਿਆ ਨੂੰ ਅਪਰਾਧ ਮੰਨਿਆ ਜਾਵੇ। ਸੂਬਾ ਸਰਕਾਰ ਸਕੂਲਾਂ ਦੇ ਪਾਠਕ੍ਰਮ ’ਚ ਗਾਂ ਨੂੰ ਸ਼ਾਮਲ ਕਰਨ ਜਾ ਰਹੀ ਹੈ। ਪਰ ਉੱਥੇ ਵੀ, ਜੇ ਗਾਂ ਨੂੰ ਜਾਨਵਰ ਦਸਿਆ ਜਾਂਦਾ ਹੈ, ਤਾਂ ਇਸ ਦਾ ਕੀ ਫਾਇਦਾ ਹੈ?’’