
ਬੀਤੇ ਕੱਲ੍ਹ ਸਰਕਾਰ ਦੇ ਹੱਕ ਵਿਚ ਭੁਗਤੇ ਸੀ 55 ਵਿਧਾਇਕ
ਜੀਂਦ : ਬੀਤੇ ਦਿਨ ਹਰਿਆਣਾ ਵਿਧਾਨ ਸਭਾ ਵਿਚ ਸੱਤਾਧਾਰੀ ਧਿਰ ਬੇਭਰੋਸਗੀ ਮਤੇ ਨੂੰ ਡੇਗ ਕੇ ਸਰਕਾਰ ਬਚਾਉਣ ਵਿਚ ਕਾਮਯਾਬ ਰਹੀ ਹੈ। ਸਰਕਾਰ ਦੇ ਹੱਕ ਵਿਚ ਨਿਤਰਨ ਵਾਲੇ 55 ਵਿਧਾਇਕ ਹੁਣ ਅੰਦੋਲਨਕਾਰੀ ਕਿਸਾਨਾਂ ਦੀ ਹਿੱਟ ਲਿਸਟ 'ਤੇ ਆ ਗਏ ਹਨ। ਕਿਸਾਨਾਂ ਨੇ ਇਨ੍ਹਾਂ ਵਿਧਾਇਕਾਂ ਨੂੰ ਸਬਕ ਸਿਖਾਉਣ ਲਈ ਵਿਸ਼ੇਸ਼ ਤਿਆਰੀਆਂ ਆਰੰਭ ਦਿੱਤੀਆਂ ਹਨ। ਕਿਸਾਨਾਂ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਇਨ੍ਹਾਂ ਵਿਧਾਇਕਾਂ ਦੇ ਪਿੰਡਾਂ ਵਿਚ ਆਉਣ ਦੀ ਸੂਰਤ ਵਿਚ ਉਨ੍ਹਾਂ ਦਾ ਭਾਰੀ ਵਿਰੋਧ ਕੀਤਾ ਜਾਵੇਗਾ। ਕਿਸਾਨਾਂ ਮੁਤਾਬਕ ਇਨ੍ਹਾਂ ਦਾ ਪਿੰਡਾਂ ਵਿਚ ਹੁਣ ਡੰਡਿਆਂ ਨਾਲ ਸਵਾਗਤ ਕੀਤਾ ਜਾਵੇਗਾ।
Haryana Farmer Protest
ਹਰਿਆਣਾ ਅੰਦਰ ਅੱਜ ਇਨ੍ਹਾਂ ਵਿਧਾਇਕਾਂ ਖਿਲਾਫ ਕਿਸਾਨਾਂ ਵਿਚ ਗੁੱਸਾ ਵੇਖਣ ਨੂੰ ਮਿਲਿਆ। ਇਨ੍ਹਾਂ ਵਿਧਾਇਕਾਂ ਖਿਲਾਫ ਅੱਜ ਜੀਂਦ ਦੇ ਕਿਸਾਨ ਸੜਕਾਂ ‘ਤੇ ਉੱਤਰ ਆਏ। ਇਨ੍ਹਾਂ ਵਿਧਾਇਕਾਂ ਦਾ ਵਿਰੋਧ ਕਰਿਦਆਂ ਕਿਸਾਨਾਂ ਨੇ ਜੀਂਦ-ਹਿਸਾਰ ਸੜਕ ਜਾਮ ਕਰ ਦਿੱਤੀ। ਕਿਸਾਨਾਂ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਨਾਲ ਹੀ ਕਿਸਾਨਾਂ ਨੇ ਇਸ ਦੌਰਾਨ ਦੁਸ਼ਿਅੰਤ ਚੌਟਾਲਾ ਮੁਰਦਾਬਾਦ ਦੇ ਨਾਅਰੇਬਾਜ਼ੀ ਵੀ ਕੀਤੀ।
Farmers Protest
ਕਾਬਲੇਗੌਰ ਹੈ ਕਿ ਹਰਿਆਣਾ ਵਿਚ ਮੁੱਖ ਵਿਰੋਧੀ ਧਿਰ ਕਾਂਗਰਸ ਵੱਲੋਂ ਵਿਧਾਨ ਸਭਾ ਵਿਚ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ। ਮਤੇ ਦੇ ਹੱਕ ਵਿਚ 32 ਅਤੇ ਵਿਰੋਧ ਵਿਚ 55 ਵੋਟਾਂ ਪਈਆਂ ਸਨ। ਖੇਤੀ ਕਾਨੂੰਨਾਂ ਖਿਲਾਫ ਸੰਘਰਸ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਵਿਧਾਇਕਾਂ 'ਤੇ ਬੇਭਰੋਸਗੀ ਮਤੇ ਦੇ ਹੱਕ ਵਿਚ ਵੋਟ ਪਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ।
haryana govt
ਪਰ ਐਨ ਮੌਕੇ 'ਤੇ 55 ਵਿਧਾਇਕਾਂ ਨੇ ਮਤੇ ਦੇ ਵਿਰੋਧ ਵਿਚ ਨਿਤਰ ਕੇ ਬੇਭਰੋਸਗੀ ਮਤੇ ਨੂੰ ਡੇਗ ਦਿੱਤਾ। ਇਸ ਤੋਂ ਬਾਅਦ ਸੂਬੇ ਦੇ ਕਿਸਾਨਾਂ 'ਚ ਸੱਤਾਧਾਰੀ ਸਰਕਾਰ ਖਿਲਾਫ ਗੁੱਸਾ ਹੋਰ ਵੱਧ ਗਿਆ ਹੈ। ਕਿਸਾਨਾਂ ਦੀ ਲਾਮਬੰਦੀ ਨੂੰ ਵੇਖਦਿਆਂ ਆਉਂਦੇ ਦਿਨਾਂ ਦੌਰਾਨ ਇਨ੍ਹਾਂ ਵਿਧਾਇਕਾਂ ਦਾ ਪਿੰਡਾਂ ਵਿਚ ਆਉਣ 'ਤੇ ਭਾਰੀ ਵਿਰੋਧ ਹੋਣ ਦੇ ਆਸਾਰ ਹਨ।