
ਬਾਹਰ ਬੈਠੇ ਸੌਦਾ ਸਾਧ ਰਾਮ ਰਹੀਮ ਦੇ ਲੋਕ ਉਸਦੇ ਫੇਸਬੁੱਕ ਪੇਜ਼ ਨੂੰ ਲਗਾਤਾਰ ਅਪਡੇਟ ਕਰ ਰਹੇ ਹਨ।
ਚੰਡੀਗੜ੍ਹ: ਭਾਵੇਂ ਕਿ ਸੌਦਾ ਸਾਧ ਰਾਮ ਰਹੀਮ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੋਵੇ, ਪਰ ਬਾਹਰ ਬੈਠੇ ਉਸ ਦੇ ਲੋਕ ਸੌਦਾ ਸਾਧ ਦੇ ਫੇਸਬੁੱਕ ਪੇਜ਼ ਨੂੰ ਲਗਾਤਾਰ ਅਪਡੇਟ ਕਰ ਰਹੇ ਹਨ। ਹਾਲ ਹੀ ਵਿਚ ਰਾਮ ਰਹੀਮ ਦੀ ਫੇਸਬੁੱਕ 'ਤੇ ਚੱਲ ਰਹੀ ਆਈਡੀ ਦੇ ਸਬੰਧ ਵਿਚ ਹੈਰਾਨ ਕਰਨ ਵਾਲਾ ਖ਼ੁਲਾਸਾ ਸਾਹਮਣੇ ਆਇਆ ਹੈ।
Sunariya Jail
ਦਰਅਸਲ ਸੌਦਾ ਸਾਧ ਦੇ ਪੈਰੋਕਾਰਾਂ ਨੇ ਫੇਸਬੁੱਕ 'ਤੇ ਆਈਡੀ ਬਣਾ ਕੇ ਯੂਪੀ, ਪੰਜਾਬ ਅਤੇ ਹਰਿਆਣਾ ਦੇ ਅਜਿਹੇ ਲੋਕਾਂ ਦੇ ਮੋਬਾਇਲ ਨੰਬਰ ਪਾ ਦਿਤੇ ਹਨ, ਜਿਨ੍ਹਾਂ ਦਾ ਰਾਮ ਰਹੀਮ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਲੋਕਾਂ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਮਗਰੋਂ ਸਾਈਬਰ ਸੈੱਲ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।
Facebook
ਕਾਨਪੁਰ ਦੇ ਸੁਨੀਲ ਨਾਂਅ ਦੇ ਇਕ ਲੜਕੇ ਨੇ ਪੁਲਿਸ ਨੂੰ ਦਸਿਆ ਕਿ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਉਸ ਦੇ ਮੋਬਾਇਲ ਨੰਬਰ 'ਤੇ 20 ਤੋਂ ਜ਼ਿਆਦਾ ਕਾਲਾਂ ਆ ਰਹੀਆਂ ਸਨ। ਕਾਲ ਰਿਸੀਵ ਕਰਦੇ ਹੀ ਲੋਕ ਸੌਦਾ ਸਾਧ ਦਾ ਨਾਅਰਾ ਬੋਲਦੇ ਸਨ। ਕਾਫ਼ੀ ਸਮੇਂ ਮਗਰੋਂ ਉਸ ਨੂੰ ਪਤਾ ਚੱਲਿਆ ਕਿ ਫੇਸਬੁੱਕ 'ਤੇ ਰਾਮ ਰਹੀਮ ਦੇ ਸੀਕ੍ਰੇਟ ਨਾਮ ਤੋਂ ਬਣਾਈ ਗਈ ਆਈਡੀ 'ਤੇ ਉਸ ਦਾ ਨੰਬਰ ਪਾਇਆ ਗਿਆ ਹੈ। ਅੰਮ੍ਰਿਤਸਰ ਦੇ ਇਕ ਨੌਜਵਾਨ ਨਾਲ ਵੀ ਅਜਿਹਾ ਹੀ ਹੋਇਆ ਹੈ। ਇਸ ਮਾਮਲੇ ਵਿਚ ਪੁਲਿਸ ਕੋਲ ਕਈ ਸ਼ਿਕਾਇਤਾਂ ਦਰਜ ਹੋਈਆਂ ਹਨ।
Ram rahim page
ਇਸ ਤੋਂ ਇਲਾਵਾ ਰਾਮ ਰਹੀਮ ਦੇ ਨਾਂਅ 'ਤੇ ਕਈ ਫੇਸਬੁੱਕ ਪੇਜ਼ ਅਤੇ ਆਈਡੀ ਲਗਾਤਾਰ ਚੱਲ ਰਹੀਆਂ ਹਨ। ਜਿਨ੍ਹਾਂ ਵਿਚੋਂ ਬਹੁਤ ਸਾਰੀਆਂ 'ਤੇ ਰਾਮ ਰਹੀਮ ਦੇ ਪੁਰਾਣੇ ਵੀਡੀਓ ਦੀ ਲਾਈਵ ਸਟਰੀਮਿੰਗ ਕੀਤੀ ਗਈ ਹੈ। ਬੀਤੀ 8 ਅਪ੍ਰੈਲ 2019 ਨੂੰ ਪੰਜਾਬ ਦੇ ਸ਼ਹਿਰਾਂ ਸਮੇਤ ਕਈ ਥਾਵਾਂ ਦੀਆਂ ਤਸਵੀਰਾਂ ਪਾਈਆਂ ਗਈਆਂ ਹਨ।
ਸਾਈਬਰ ਸੈੱਲ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸੌਦਾ ਸਾਧ ਦੇ ਨਾਮ ਦੀਆਂ ਕੁੱਝ ਆਈਡੀ ਨੂੰ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹਨ, ਜੋ ਉਸ ਦੇ ਪੈਰੋਕਾਰਾਂ ਵਲੋਂ ਕੀਤੇ ਜਾਣ ਦਾ ਸ਼ੱਕ ਹੈ। ਪੁਲਿਸ ਵਲੋਂ ਜਲਦ ਹੀ ਦੋਸ਼ੀਆਂ ਨੂੰ ਫੜਨ ਦਾ ਭਰੋਸਾ ਦਿਤਾ ਗਿਆ ਹੈ।